ਪਾਲ ਸਿੰਘ ਨੌਲੀ
ਜਲੰਧਰ, 28 ਅਗਸਤ
ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਰਸਮੀ ਸ਼ੁਰੂਆਤ ਫਗਵਾੜਾ ਵਿੱਚ ਭਲਕੇ 29 ਅਗਸਤ ਨੂੰ ‘ਅਲਖ ਜਗਾਓ’ ਰੈਲੀ ਨਾਲ ਕੀਤੀ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਣ ਮਗਰੋਂ ਬਸਪਾ ਦੀ ਇਹ ਪਹਿਲੀ ਸਾਂਝੀ ਰੈਲੀ ਹੈ, ਜਿਸ ਵਿੱਚ ਬਸਪਾ ਦੀ ਕੌਮੀ ਤੇ ਸੂਬਾਈ ਲੀਡਰਸ਼ਿਪ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਆਗੂਆਂ ਨਾਲ ਪਹੁੰਚ ਰਹੇ ਹਨ।
ਫਗਵਾੜਾ ਦੀ ਦਾਣਾ ਮੰਡੀ ਵਿੱਚ ਹੋਣ ਵਾਲੀ ਰੈਲੀ ਬਾਰੇ ਗੱਲ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਾਅਵਾ ਕੀਤਾ ਕਿ ਇਹ ‘ਅਲਖ ਜਗਾਓ’ ਰੈਲੀ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਦਿੱਤੇ 360 ਰੁਪਏ ਦੇ ਮੁੱਲ ਤੋਂ ਬਸਪਾ ਸੰਤੁਸ਼ਟ ਨਹੀਂ ਹੈ ਤੇ ਇਹ ਮੁੱਲ 500 ਰੁਪਏ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਿਆ ਜਾ ਸਕੇ। ਰੈਲੀ ਵਿੱਚ ਬਸਪਾ ਦੀ ਲੀਡਰਸ਼ਿਪ ਵਿੱਚੋਂ ਪਾਰਟੀ ਦੇ ਮੀਤ ਪ੍ਰਧਾਨ ਆਨੰਦ ਕੁਮਾਰ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੌਮੀ ਕੋਆਰਡੀਨੇਟਰ ਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਇਸੇ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਤੋਂ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ।
ਉੱਧਰ, ਬਸਪਾ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵੀ ਰੈਲੀ ਗਰਾਊਂਡ ਪਹੁੰਚੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਸੁਰਿੰਦਰ ਦਾਸ ਵੀ ਰੈਲੀ ਗਰਾਊਂਡ ਵਿੱਚ ਪੁੱਜੇ। ਇਸ ਦੌਰਾਨ ਪਾਰਟੀ ਦੇ ਮੁੱਖ ਦਫ਼ਤਰ ਜਲੰਧਰ ’ਚ ਕੀਤੇ ਗਏ ਇੱਕਠ ਦੌਰਾਨ ਬਸਪਾ ਆਗੂ ਬੈਨੀਵਾਲ ਅਤੇ ਜਸਵੀਰ ਸਿੰਘ ਗੜ੍ਹੀ ਨੇ ਇੰਜਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ ਨੂੰ ਬਸਪਾ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ।
ਬਸਪਾ ਪ੍ਰਧਾਨ ਨੇ ਖ਼ੁਦ ਲਾਏ ਝੰਡੇ
ਨਵਾਂ ਸ਼ਹਿਰ (ਸੁਰਜੀਤ ਮਜਾਰੀ): ਰੈਲੀ ਦੀਆਂ ਤਿਆਰੀਆਂ ਵਿੱਚ ਡਟੇ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਜਨਰਲ ਸਕੱਤਰ ਨਛੱਤਰ ਪਾਲ ਅਤੇ ਦਰਜ-ਬ-ਦਰਜਾ ਆਗੂ ਰੈਲੀ ਵਿੱਚ ਵਰਕਰਾਂ ਦੀ ਆਮਦ ਯਕੀਨੀ ਬਣਾਉਣ ਲਈ ਮਹੀਨੇ ਭਰ ਤੋਂ ਪਿੰਡ-ਪਿੰਡ ਮੀਟਿੰਗਾਂ ਕਰ ਰਹੇ ਹਨ। ਹੁਣ ਜਦੋਂ ਰੈਲੀ ਦਾ ਸਮਾਂ ਨੇੜੇ ਆ ਗਿਆ ਹੈ ਤੇ ਭਲਕੇ ਰੈਲੀ ਹੋਣ ਵਾਲੀ ਹੈ ਤਾਂ ਉਸ ਤੋਂ ਪਹਿਲਾਂ ਅੱਜ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਖ਼ੁਦ ਪਾਰਟੀ ਦੇ ਹੋਰ ਆਗੂਆਂ ਨਾਲ ਮਿਲ ਕੇ ਰੈਲੀ ਸਬੰਧੀ ਪੋਸਟਰ ਤੇ ਝੰਡੇ ਲਾਉਂਦੇ ਦੇਖੇ ਗਏ।
ਪੁਲੀਸ ਵੱਲੋਂ ਟਰੈਫਿਕ ਰੂਟ ਤਬਦੀਲ
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ਪੁਲੀਸ ਨੇ ਰੈਲੀ ਦੇ ਮੱਦੇਨਜ਼ਰ ਟਰੈਫਿਕ ਰੂਟਾਂ ਵਿੱਚ ਤਬਦੀਲੀ ਕੀਤੀ ਹੈ। ਐੱਸਪੀ ਸਰਬਜੀਤ ਸਿੰਘ ਤੇ ਐੱਸਐੱਚਓ (ਟਰੈਫਿਕ) ਅਮਨ ਕੁਮਾਰ ਨੇ ਦੱਸਿਆ ਕਿ ਰੈਲੀ ਵਿੱਚ ਲੁਧਿਆਣਾ ਅਤੇ ਨਕੋਦਰ ਤੋਂ ਆਉਣ ਵਾਲੀ ਆਵਾਜਾਈ ਵਾਇਆ ਖੰਡ ਮਿੱਲ ਚੌਕ, ਮੇਹਟਾ ਬਾਈਪਾਸ ਤੋਂ ਭੁੱਲਾਰਾਈ ਚੌਕ ਵੱਲ ਚੱਲੇਗੀ। ਨਵਾਂ ਸ਼ਹਿਰ ਤੋਂ ਆਉਣ ਵਾਲੀ ਆਵਾਜਾਈ ਵਾਇਆ ਮੇਹਲੀ ਤੋਂ ਭੁੱਲਾਰਾਈ ਚੌਕ ਵੱਲ ਚੱਲੇਗੀ। ਉਨ੍ਹਾਂ ਦੱਸਿਆ ਕਿ ਰੈਲੀ ਕਾਰਨ ਲੋਕਾਂ ਲਈ ਹੁਸ਼ਿਆਰਪੁਰ ਰੋਡ ਭੁੱਲਾਰਾਈ ਚੌਕ ਤੱਕ ਬੰਦ ਰਹੇਗਾ।
ਬਾਗੀ ਵਰਕਰਾਂ ਵੱਲੋਂ ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਹਨੇਰੇ ’ਚ ਰੱਖਣ ਦਾ ਦੋਸ਼
ਫਿਲੌਰ/ਗੁਰਾਇਆ (ਸਰਬਜੀਤ ਗਿੱਲ/ਨਰਿੰਦਰ ਸਿੰਘ ਧੋਥੜ): ਹਲਕਾ ਫਿਲੌਰ ਦੇ ਬਸਪਾ ਵਰਕਰਾਂ ਨੇ ਅੱਜ ਮੀਟਿੰਗ ਕਰ ਕੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਗਵਾੜਾ ਵਿੱਚ ਰੈਲੀ ਦੌਰਾਨ ਪਹਿਲੀ ਵਾਰ ਪੰਜਾਬ ਆ ਰਹੇ ਕੌਮੀ ਆਗੂਆਂ ਨੂੰ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਮੌਜੂਦਾ ਸਮੇਂ ਪੰਜਾਬ ਦੇ ਬਣੇ ਸਿਆਸੀ ਹਾਲਾਤ ਤੋਂ ਜਾਣੂ ਨਹੀਂ ਕਰਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਪੂਰੇ ਪੰਜਾਬ ਅੰਦਰ ਮਨਮਾਨੀਆਂ ਕਰਦਿਆਂ ਬਸਪਾ ਦੇ ਮਜ਼ਬੂਤ ਕਾਡਰ ਵਾਲੀਆਂ ਜੇਤੂ ਸੀਟਾਂ ਅਕਾਲੀ ਦਲ ਦੀ ਝੋਲੀ ਪਾ ਕੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਬਾਬੂ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।