ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਨਵੰਬਰ
ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਦੋ ਦਿਨ ਪਹਿਲਾਂ ਮੁਅੱਤਲ ਕੀਤੇ ਗਏ ਸਥਾਨਕ ਫੂਡ ਸੇਫ਼ਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਦੀ ਬਿਨਾਂ ਕਿਸੇ ਜਾਂਚ ਤੋਂ ਬਹਾਲੀ ਬਾਅਦ ਸਿਹਤ ਵਿਭਾਗ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਨੂੰ ਇਸੇ ਆਹੁਦੇ ਉੱਤੇ ਬਹਾਲ ਕਰਕੇ ਹੁਸ਼ਿਆਰਪੁਰ ਤਾਇਨਾਤ ਕਰ ਦਿੱਤਾ ਗਿਆ ਹੈ।
ਫੂਡ ਸੇਫ਼ਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਵੱਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਕਾਰਨ ਉਸ ਦੀ ਮੁਅੱਤਲੀ ਖ਼ਿਲਾਫ਼ ਹਲਵਾਈ ਯੂਨੀਅਨ ਉਸ ਦੇ ਹੱਕ ਵਿੱਚ ਨਿੱਤਰ ਆਈ ਸੀ। ਹਲਵਾਈ ਯੂਨੀਅਨ ਪ੍ਰਧਾਨ ਬਲਵੰਤ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਡਾ. ਜਤਿੰਦਰ ਸਿੰਘ ਵਿਰਕ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ। ਉੱਚ ਮਿਆਰੀ ਸੂਤਰਾਂ ਮੁਤਾਬਕ ਡਾ. ਵਿਰਕ ਦੀ ਇਮਾਨਦਾਰੀ ਦੀ ਡਿਊਟੀ ਕਾਰਨ ਦੀਵਾਲੀ ਉੱਤੇ ਜੇਬਾਂ ਭਰਨ ਦੀ ਯੋਜਨਾ ਸਿਰੇ ਨਹੀਂ ਸੀ ਚੜ੍ਹੀ। ਇਹ ਯੋਜਨਾ ਸਿਰੇ ਚਾੜ੍ਹਨ ਲਈ ਸੀਨੀਅਰ ਅਧਿਕਾਰੀਆਂ ਨੇ ਇੱਕ ਸਿਆਸੀ ਆਗੂ ਨਾਲ ਗੰਡਤੁਪ ਦਾ ਲਾਹਾ ਲੈਂਦੇ ਹੋਏ ਮੁੱਖ ਦਫ਼ਤਰ ਨੂੰ ਰਿਪੋਰਟ ਭੇਜ ਕੇ ਸਿਆਸੀ ਆਗੂ ਕੋਲੋਂ ਮੁਅੱਤਲੀ ਦੀ ਸਰਕਾਰ ਨੂੰ ਸਿਫ਼ਾਰਸ਼ ਕਰਵਾ ਦਿੱਤੀ ਸੀ। ਸਰਕਾਰ ਨੂੰ ਡਾ. ਵਿਰਕ ਖ਼ਿਲਾਫ਼ ਭੇਜੀ ਗਈ ਰਿਪੋਰਟ (ਕਾਪੀ ਪੰਜਾਬੀ ਟ੍ਰਿਬਿਊਨ ਕੋਲ ਹੈ) ਵਿੱਚ ਲਿਖਿਆ ਉਨ੍ਹਾਂ ਨੂੰ ਬਾਜ਼ਾਰ ਵਿੱਚੋਂ ਕੁਝ ਦੁਕਾਨਦਾਰਾਂ ਨੇ ਆਖਿਆ ਕਿ ਡਾ. ਵਿਰਕ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਮਗਰੋਂ ਮੁਅੱਤਲੀ ਸਬੰਧੀ ਕਾਰਵਾਈ ਕੀਤੀ ਗਈ ਸੀ।
ਮੁਅੱਤਲੀ ਦੇ ਹੁਕਮਾਂ ਤੋਂ ਪ੍ਰਸ਼ਾਸਨ ਵੀ ਹੋਇਆ ਸੀ ਹੈਰਾਨ
ਫੂਡ ਸੇਫ਼ਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਮੁਅੱਤਲੀ ਵਾਲੇ ਦਿਨ 2 ਨਵੰਬਰ ਨੂੰ ਕਾਰਜਕਾਰੀ ਮੈਜਿਸਟਰੇਟ-ਕਮ-ਤਹਿਸੀਲਦਾਰ ਕਰਨ ਗੁਪਤਾ ਤੇ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਲਿਖਤੀ ਹੁਕਮਾਂ ਉੱਤੇ ਮਠਿਆਈ ਦੀਆਂ ਦੁਕਾਨਾ ਤੋਂ ਨਮੂਨੇ ਭਰ ਰਿਹਾ ਸੀ। ਡਾ. ਵਿਰਕ ਦੀ ਇਸ ਕਾਰਵਾਈ ਦੌਰਾਨ ਮੁਅੱਤਲੀ ਉੱਤੇ ਪ੍ਰਸ਼ਾਸਨ ਵੀ ਹੈਰਾਨ ਹੋ ਕੇ ਰਹਿ ਗਿਆ। ਸੂਤਰਾਂ ਮੁਤਾਬਕ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਡਾ. ਵਿਰਕ ਨਾਲ ਹੋਈ ਇਸ ਕਥਿਤ ਧੱਕੇਸ਼ਾਹੀ ਉੱਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸੰਭਵ ਮੱਦਦ ਦਾ ਭਰੋਸਾ ਦਿੱਤਾ ਗਿਆ ਸੀ। ਡਾ. ਵਿਰਕ ਨੇ ਕਿਹਾ ਕਿ ਇਸ ਬਾਰੇ ਅਜੇ ਕੁਝ ਕਹਿਣਾ ਜ਼ਲਦੀਬਾਜ਼ੀ ਹੋਵੇਗੀ। ਉਹ ਜ਼ਲਦੀ ਹੀ ਇਸ ਸਾਜਿਸ਼ ਬਾਰੇ ਮੀਡੀਆ ਸਾਹਮਣੇ ਆਉਣਗੇ।