ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਗਸਤ
ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪਿੰਡਾਂ ’ਚ ਲੱਖਾਂ ਰੁਪਏ ਖ਼ਰਚ ਕਰ ਕੇ ਸੁਵਿਧਾ ਕੇਂਦਰ ਖੋਲ੍ਹੇ ਸਨ, ਪਰ ਮੌਜੂਦਾ ਸਰਕਾਰ ਨੇ ਸੁਵਿਧਾ ਕੇਂਦਰਾਂ ਦਾ ਨਾਮ ਬਦਲ ਕੇ ਸੇਵਾ ਕੇਂਦਰ ਰੱਖ ਦਿੱਤਾ ਹੈ, ਜਿਨ੍ਹਾਂ ਦਾ ਕੰਮ ਠੇਕੇ ’ਤੇ ਹੈ। ਇਹ ਕੇਂਦਰ ਲੋਕਾਂ ਲਈ ਸੁਵਿਧਾ ਕੇਂਦਰ ਦੀ ਥਾਂ ਦੁਵਿਧਾ ਕੇਂਦਰ ਬਣ ਕੇ ਰਹਿ ਗਏ ਹਨ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਕੱਲ੍ਹ ਸੇਵਾ ਕੇਂਦਰਾਂ ’ਚ ਦਾਖਲ ਹੋਣ ਲਈ ਪਹਿਲਾਂ ਆਨਲਾਈਨ ਪ੍ਰਵਾਨਗੀ ਲੈਣੀ ਪੈਂਦੀ ਹੈ, ਜਿਸ ਕਾਰਨ ਲਹਿਰਾਗਾਗਾ ਦੀ ਕਚਿਹਰੀਆਂ ਸਥਿਤ ਕੇਂਦਰ ਵਿਚ ਕੰਮ ਕਰਵਾਉਣ ਵਾਲਿਆਂ ਦੀ ਭਾਰੀ ਭੀੜ ਰਹਿੰਦੀ ਹੈ। ਇਸ ਸਬੰਧੀ ਲਾਭਪਾਤਰੀ ਰਮੇਸ਼ ਸਿੰਘ, ਤਰਸੇਮ ਸਿੰਘ ਤੇ ਅਰਜਨ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਆ ਕੇ ਕਤਾਰ ਵਿੱਚ ਲੱਗ ਜਾਂਦੇ ਹਨ ਤੇ ਗਿਆਰਾਂ ਵਜੇ ਤੱਕ ਵੀ ਵਾਰੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਵਾਰੀ ਆਵੇਗੀ ਉਦੋਂ ਤੱਕ ਟੋਕਨ ਖਤਮ ਹੋ ਜਾਣਗੇ। ਪੇਂਡੂ ਤੇ ਸ਼ਹਿਰੀ ਵਿਕਾਸ ਕੇਂਦਰ ਦੇ ਕਨਵੀਨਰ ਦੀਪਕ ਜੈਨ ਦਾ ਕਹਿਣਾ ਹੈ ਕਿ ਸੇਵਾ ਕੇਂਦਰ ’ਚ ਦਾਖਲੇ ਲਈ ਅੱਧੇ ਲੋਕਾਂ ਨੂੰ ਟੌਕਨ ਅਤੇ ਬਾਕੀਆਂ ਨੂੰ ਆਨਲਾਈਨ ਮੁਲਾਕਾਤ ਲਈ ਬਾਹਰ ਬੈਠੇ ਦਲਾਲਾਂ ਨੂੰ 30 ਤੋਂ 100 ਰੁਪਏ ਦੇਣੇ ਪੈਂਦੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਫੀਸਾਂ ਵਧਾਉਣ ਕਰਕੇ ਲੋਕਾਂ ਨੂੰ ਸੇਵਾ ਮਹਿੰਗੀ ਪੈ ਰਹੀ ਹੈ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਵਿਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ।