ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਸ਼ਾਰਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਦੀ ਥਾਂ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਲੜੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦੇ ਨਾਂ ’ਤੇ ਆਮ ਆਦਮੀ ਪਾਰਟੀ ਨੂੰ ‘ਮਧੋਲਣ’ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਚੋਣਾਂ ਵਿੱਚ ਹਾਰ ਤੋਂ ਖ਼ੌਫਜ਼ਦਾ ਹੈ। ਕੇਜਰੀਵਾਲ ਇਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਵੇਲੋਡੋਰਮ ਵਿੱਚ ‘ਆਪ’ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਪਲੇਠੇ ਕੌਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ‘ਆਪ’ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਦ੍ਰਿੜਤਾ ਨਾਲ ਲੜਨ ਦਾ ਅਹਿਦ ਲਿਆ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਰਤ ਨੂੰ ਨੰਬਰ ਇੱਕ ਬਣਾਉਣ ਤੇ ਭਾਜਪਾ ਦੇ ‘ਅਪਰੇਸ਼ਨ ਲੋਟਸ’ ਨੂੰ ਨਾਕਾਮ ਕਰਨ ਸਬੰਧੀ ਦੋ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਪਾਰਟੀ ਨੁਮਾਇੰਦਿਆਂ ਨੇ ਪ੍ਰਵਾਨਗੀ ਦਿੱਤੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਤੇ ਆਗੂਆਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਭਾਜਪਾ ਨੂੰ ‘ਗੁਜਰਾਤ ਵਿੱਚ ‘ਆਪ’ ਦੀ ਵਧਦੀ ਮਕਬੂਲੀਅਤ ਹਜ਼ਮ ਨਹੀਂ ਹੋ ਰਹੀ ਹੈ।’ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਅਸੈਂਬਲੀ ਚੋਣਾਂ ਤੋਂ ਪਹਿਲਾਂ ‘ਆਪ’ ਦੇ ਵਧਦੇ ਆਧਾਰ ਤੋਂ ਇਸ ਕਦਰ ਪ੍ਰੇਸ਼ਾਨ ਹੈ ਕਿ ‘ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀਵੀ ਚੈਨਲਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਸੰਪਾਦਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ‘ਆਪ’ ਪਾਰਟੀ ਨੂੰ ਗੁਜਰਾਤ ਵਿੱਚ ਕਵਰੇਜ ਨਾ ਦੇਣ। ਜੋਸ਼ੀ ਨੇ ਨਤੀਜੇ ਭੁਗਤਣ ਦੀ ਵੀ ਗੱਲ ਆਖੀ ਹੈ।’’ ਮੁੱਖ ਮੰਤਰੀ ਨੇ ਕਿਹਾ, ‘‘ਇਹ ਸਭ ਬੰਦ ਕਰ ਦਿਓ। ਜੇਕਰ ਇਨ੍ਹਾਂ ਸੰਪਾਦਕਾਂ ਨੇ ਜੋਸ਼ੀ ਦੇ ਸੁਨੇਹਿਆਂ ਵਾਲੇ ਸਕਰੀਨਸ਼ੌਟ ਸ਼ਾਂਝੇ ਕਰ ਦਿੱਤੇ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਲਾਹਕਾਰ ਦੇਸ਼ ਨੂੰ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ।’’ ਉਨ੍ਹਾਂ ਕਿਹਾ, ‘‘ਅਸੀਂ ਗੁਜਰਾਤ ਵਿੱਚ ਸਰਕਾਰ ਬਣਾਵਾਂਗੇ।’’ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਸੀਬੀਆਈ/ਈਡੀ ਦੀ ਦੁਰਵਰਤੋਂ ਦੇ ਦੋਸ਼ ਵੀ ਲਾਏ। ‘ਰਿਓੜੀ ਸਭਿਆਚਾਰ’ ਬਾਰੇ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਫ੍ਰੀਬੀਜ਼ (ਮੁਫ਼ਤ ਸੌਗਾਤਾਂ) ਨੂੰ ਇਸ ਆਧਾਰ ’ਤੇ ਭੰਡਿਆ ਜਾ ਰਿਹੈ ਕਿ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਨਾਲ ਦੇਸ਼ ਦੇ ਅਰਥਚਾਰੇ ਦਾ ਭੱਠਾ ਬੈਠ ਜਾਵੇਗਾ।’’ ਉਨ੍ਹਾਂ ਕਿਹਾ, ‘‘ਸਿਰਫ਼ ਇਕ ਬੇਈਮਾਨ (ਵਿਅਕਤੀ), ਭ੍ਰਿਸ਼ਟ ਤੇ ਗ਼ੱਦਾਰ ਹੀ ਕਹਿ ਸਕਦਾ ਹੈ ਕਿ ਫ੍ਰੀਬੀਜ਼ ਦੇਸ਼ ਲਈ ਚੰਗੀਆਂ ਨਹੀਂ ਹਨ। ਜੇਕਰ ਕੋਈ ਸਿਆਸਤਦਾਨ ਕਹਿੰਦਾ ਹੈ ਕਿ ਫ੍ਰੀਬੀਜ਼ ਨਾਲ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਵੇਗਾ ਤਾਂ ਮੰਨ ਲੈਣਾ ਕਿ ਉਸ ਦੇ ਇਰਾਦੇ ਠੀਕ ਨਹੀਂ ਹਨ।’’
ਰਾਘਵ ਚੱਢਾ ਗੁਜਰਾਤ ਵਿੱਚ ‘ਆਪ’ ਦੇ ਸਹਿ-ਇੰਚਾਰਜ ਨਿਯੁਕਤ
ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਅੱਜ ਆਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੂਬਾਈ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਗੁਜਰਾਤ ਦਾ ਇੰਚਾਰਜ ਲਾਇਆ ਸੀ। -ਪੀਟੀਆਈ