ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੱਤਰ ਦਿੱਤਾ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਕਿ 31.12.2015 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਸਾਰੇ ਕਰਮਚਾਰੀਆਂ ਨੂੰ 2.59 ਦਾ ਫੈਕਟਰ ਦਿੱਤਾ ਜਾਵੇ। ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਪੇਅ ਕਮਿਸ਼ਨ ਦੀ ਰਿਪੋਰਟ ਮੁਤਾਬਕ ਨਵੇਂ ਸਕੇਲ ਦਾ ਏਰੀਅਰ 01.01.2016 ਤੋਂ 30.06.2021 ਤੱਕ ਦਿੱਤਾ ਜਾਵੇ। ਰਿਟਾਇਰ ਕਰਮਚਾਰੀਆਂ ਦੀ ਗਰੈਚੂਟੀ ਅਤੇ ਲੀਵ ਇਨ ਕੈਸ਼ਮੈਂਟ ਦੇ ਸੋਧੇ ਵਾਧੇ ਦਾ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਦੀਆਂ ਰਿਆਇਤਾਂ ਜਿਵੇਂ ਸੇਵਾ ਦੌਰਾਨ ਮਿਲਦੇ ਯੂਨਿਟਾਂ ਅਨੁਸਾਰ ਦਿੱਤੀ ਜਾਵੇ। ਇਸ ਵਫਦ ਵਿੱਚ ਰਾਜਿੰਦਰ ਠਾਕੁਰ, ਸ਼ਿਵ ਦੇਵ ਸਿੰਘ, ਨਰੇਸ਼ ਕੁਮਾਰ, ਹਰਜੀਤ ਸਿੰਘ, ਰਜਨੀਸ਼ ਕੁਮਾਰ, ਦਰਸ਼ਨ ਸਿੰਘ ਅਤੇ ਚੰਦਰਪਾਲ ਤੇ ਪਰਜੀਤ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਅਤੇ ਪਾਵਰਕੌਮ ਤੇ ਟਰਾਂਸਕੋ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਇਹ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਪਾਵਰਕੌਮ ਦੀ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।