ਮਨਧੀਰ ਸਿੰਘ ਦਿਓਲ/ਸਰਬਜੋਤ ਸਿੰਘ ਦੁੱਗਲ
ਨਵੀਂ ਦਿੱਲੀ/ਕੁਰੂਕਸ਼ੇਤਰ, 25 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਕੱਤਰ ਹਰਮੀਤ ਸਿੰਘ ਕਾਲਕਾ ਕੁਰੂਕਸ਼ੇਤਰ ਸਥਿਤ ‘ਗੋਲਡਨ ਹੱਟ’ ਰੇਸਤਰਾਂ ਦੇ ਮਾਲਕ ਅਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਹਮਾਇਤੀ ਰਾਮ ਸਿੰਘ ਰਾਣਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦੇਣ ਦਾ ਵਾਅਦਾ ਕਰਦਿਆਂ ਅੱਜ ਦਿੱਲੀ ਲੈ ਗਏ। ਸਿਰਸਾ ਨੇ ਕਿਹਾ ਕਿ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤੇ ਇਸ ’ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਮ ਸਿੰਘ ਰਾਣਾ ਦੇ ਹੋਟਲ ਬਾਹਰ ਬੈਰੀਕੇਡਿੰਗ ਕਰਵਾਈ, ਤਾਂ ਜੋ ਜੀਟੀ ਰੋਡ ਤੋਂ ਲੰਘਣ ਵਾਲੇ ਵਾਹਨ ਉਨ੍ਹਾਂ ਕੋਲ ਨਾ ਜਾ ਸਕਣ ਤੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਏ। ਰਾਮ ਸਿੰਘ ਰਾਣਾ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿਚ ਨਿਰਸਵਾਰਥ ਸੇਵਾ ਕਰ ਰਹੇ ਹਨ। ਉਹ ਕਿਸਾਨ ਮੋਰਚੇ ਨੂੰ ਲਗਾਤਾਰ ਪੀਣ ਵਾਲੇ ਪਾਣੀ, ਦੁੱਧ, ਬਿਸਤਰੇ, ਰਾਸ਼ਨ ਤੇ ਲੰਗਰ ਦੀ ਸੇਵਾ ਕਰ ਰਹੇ ਹਨ।
ਕੁਰੂਕਸ਼ੇਤਰ ਵਿੱਚ ਜੀਟੀ ਰੋਡ ’ਤੇ ਸਥਿਤ ‘ਗੋਲਡਨ ਹੱਟ’ ਪੁੱਜੇ ਸਿਰਸਾ ਤੇ ਕਾਲਕਾ ਨੇ ਐਲਾਨ ਕੀਤਾ ਕਿ ਦਿੱਲੀ ਕਮੇਟੀ ਰਾਮ ਸਿੰਘ ਰਾਣਾ ਨਾਲ ਡੱਟ ਕੇ ਖੜੀ ਹੋਵੇਗੀ ਤੇ ਕਿਸੇ ਵੀ ਸੂਰਤ ਵਿਚ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨਾਲ ਇਕ ਟੀਮ ਵੀ ਤਾਇਨਾਤ ਕਰ ਦਿੱਤੀ ਗਈ ਹੈ, ਜੋ 24 ਘੰਟੇ ਰਾਣਾ ਦੇ ਨਾਲ ਰਹੇਗੀ ਤੇ ਉਨ੍ਹਾਂ ਦਾ ਖਿਆਲ ਰੱਖੇਗੀ। ਇਸ ਮੌਕੇ ਰਾਣਾ ਨੇ ਕਿਹਾ, ‘‘ਮੇਰੇ ਕੋਲ ਧੰਨਵਾਦ ਕਰਨ ਲਈ ਅਲਫ਼ਾਜ਼ ਨਹੀਂ ਹਨ, ਹੁਣ ਮੈਂ ਬੇਫ਼ਿਕਰ ਹੋ ਗਿਆ ਹਾਂ।’ ਸ੍ਰੀ ਸਿਰਸਾ ਨੇ ਕਿਹਾ ਕਿ ਕਿਸਾਨਾਂ ਦੀ ਸੇਵਾ ਕਰਨ ਵਾਲੇ ਰਾਮ ਸਿੰਘ ਰਾਣਾ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਰਾਣਾ ਨਾਲ ਕਿਸੇ ਵੀ ਸੂਰਤ ਵਿਚ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਉਸ ਨੇ ਕਿਸਾਨਾਂ ਦੀ ਸੇਵਾ ਵਾਸਤੇ ਆਪਣਾ ਸਾਰਾ ਕਾਰੋਬਾਰ ਦਾਅ ’ਤੇ ਲਾਉਂਦਿਆਂ ਕਿਸਾਨਾਂ ਦੀ ਲੜਾਈ ਲੜੀ ਹੈ। ਉਨ੍ਹਾਂ ਦਿੱਲੀ ਆਉਣ ਵਾਲੇ ਟੈਕਸੀ ਚਾਲਕਾਂ, ਪ੍ਰਾਈਵੇਟ ਬੱਸਾਂ ਵਾਲਿਆਂ ਤੇ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਰਾਣਾ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਅਮਰੀਕਾ, ਇੰਗਲੈਂਡ, ਫਰਾਂਸ, ਸਵਿਟਜ਼ਰਲੈਂਡ, ਹੋਲੈਂਡ ਸਮੇਤ ਪੂਰੀ ਦੁਨੀਆਂ ਦੇ ਲੋਕ ਤੇ ਪੰਜਾਬੀ ਰਾਣਾ ਦੇ ਨਾਲ ਹਨ। ਕੁਰੂਕਸ਼ੇਤਰ ਵਿੱਚ ਰਾਮ ਸਿੰਘ ਰਾਣਾ ਦੇ ਹੋਟਲ ਦੀ ਸੁਰੱਖਿਆ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਅਤੇ ਸੂਬਾਈ ਬੁਲਾਰੇ ਕਵਲਜੀਤ ਸਿੰਘ ਅਜਰਾਨਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਅਹੁਦੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਅਮਰਜੀਤ ਸਿੰਘ ਮੰਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ, ਜਸਪ੍ਰੀਤ ਸਿੰਘ ਮਾਨ, ਗੁਰਮੀਤ ਸਿੰਘ ਭਾਟੀਆ, ਹਰਪਾਲ ਸਿੰਘ ਕੋਚਰ, ਗਗਨ ਸਿੰਘ ਅਤੇ ਹਰਜੀਤ ਸਿੰਘ ਪੱਪੂ, ਰਮਨਦੀਪ ਸਿੰਘ ਥਾਪਰ ਹਾਜ਼ਰ ਸਨ।