ਬੰਗਲੁਰੂ: ਕਰਨਾਟਕ ’ਚ ਲੋਕਾਯੁਕਤ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਸੀਨੀਅਰ ਭਾਜਪਾ ਆਗੂ ਖ਼ਿਲਾਫ਼ ਇਹ ਕੇਸ ਇਕ ਵਿਸ਼ੇਸ਼ ਅਦਾਲਤ ਦੇ ਹੁਕਮਾਂ ਤੋਂ ਬਾਅਦ ਦਰਜ ਕੀਤਾ ਗਿਆ ਹੈ। ਯੇਦੀਯੁਰੱਪਾ ਦੇ ਪੁੱਤਰ ਬੀ.ਵਾਈ. ਵਿਜੇਂਦਰ ਖ਼ਿਲਾਫ਼ ਵੀ ਕੇਸ ਦਰਜ ਹੋਇਆ ਹੈ ਜੋ ਕਿ ਕਰਨਾਟਕ ਭਾਜਪਾ ਦਾ ਉਪ ਪ੍ਰਧਾਨ ਹੈ। ਇਹ ਐਫਆਈਆਰ ਭ੍ਰਿਸ਼ਟਾਚਾਰ ਵਿਰੋਧੀ ਐਕਟ ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਸ਼ਿਕਾਇਤ ਸਮਾਜਿਕ ਕਾਰਕੁਨ ਟੀਜੇ ਅਬਰਾਹਮ ਨੇ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਮੁਲਜ਼ਮਾਂ ਨੇ ਬੰਗਲੁਰੂ ਵਿਕਾਸ ਅਥਾਰਿਟੀ ਦੇ ਠੇਕੇ ਦੇਣ ਵਾਲੇ ਬਿਲਡਰ ਤੋਂ ਰਿਸ਼ਵਤ ਲਈ ਸੀ। -ਪੀਟੀਆਈ