ਪੱਤਰ ਪ੍ਰੇਰਕ
ਦਸੂਹਾ, 25 ਜੂਨ
ਇਥੇ ਸ਼ਿਵ ਸੈਨਾ ਬਾਲ ਠਾਕਰੇ ਦੇ ਕੌਮੀ ਸੰਗਠਕ ਅਸ਼ੋਕ ਤਿਵਾੜੀ ਨੇ ਕਿਹਾ ਕਿ ਸ਼ਿਵ ਸੈਨਾ ਨੇ ਹਮੇਸ਼ਾ ਦੇਸ਼ ਅੰਦਰ ਫਿਰਕੂ ਸਦਭਾਵਨਾ ’ਤੇ ਪਹਿਰਾ ਦਿੰਦਿਆਂ ਹਿੰਦੂ-ਸਿੱਖ ਭਾਈਚਾਰੇ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਮਹਾਰਾਸ਼ਟਰ ਤੋਂ ਪੰਜਾਬ ਦੇ ਆਪਣੇ ਸੱਤ ਰੋਜ਼ਾ ਦੌਰੇ ਦੌਰਾਨ ਅੱਜ ਸਾਥੀਆਂ ਸਮੇਤ ਦਸੂਹਾ ਪੁੱਜੇ ਸਨ। ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਸ਼ਿਵ ਸੈਨਾ ਦੇ ਕੁਝ ਜਾਅਲੀ ਨੇਤਾਵਾਂ ਵੱਲੋਂ ਸਿੱਖਾਂ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਕੇ ਆਪਸੀ ਸਬੰਧ ਵਿਗਾੜਨ ਦੀ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਗ਼ੈਰ-ਮਾਨਤਾ ਪ੍ਰਾਪਤ ਲੋਕ ਨਿੱਜੀ ਸਵਾਰਥ ਪੂਰੇ ਕਰਨ ਲਈ ਘਰ ਵਿੱਚ ਹੀ ਸ਼ਿਵ ਸੈਨਾ ਚਲਾ ਰਹੇ ਹਨ, ਜਿਨ੍ਹਾਂ ਨੂੰ ਨੋਟਿਸ ਭੇਜੇ ਜਾਣਗੇ ਅਤੇ ਜਲਦੀ ਹੀ ਨਕਲੀ ਸ਼ਿਵ ਸੈਨਾ ਦੀਆਂ ਕਾਰਵਾਈਆਂ ਬੰਦ ਕਰਵਾਈਆਂ ਜਾਣਗੀਆਂ।