ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਜੁਲਾਈ
ਇਥੋਂ ਨੇੜਲੇ ਪਿੰਡ ਮੱਟਰਾਂ ਵਿਖੇ ਪੀਣ ਵਾਲੇ ਪਾਣੀ ਦੀ ਟੈਂਕੀ ਦੀ ਸਪਲਾਈ ਪਾਈਪ ਲੀਕ ਹੋਣ ਕਾਰਨ ਦੂਸ਼ਿਤ ਪਾਣੀ ਨਾਲ ਫੈਲੀ ਪੇਚਸ਼ ਨੇ ਅੱਜ ਚੌਥੇ ਦਿਨ 6 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 70 ਹੋ ਗਈ। ਪਿੰਡ ਮੱਟਰਾਂ ਵਿਖੇ ਸਿਹਤ ਵਿਭਾਗ ਭਵਾਨੀਗੜ੍ਹ ਵੱਲੋਂ ਲਗਾਏ ਕੈਂਪ ਦੇ ਇੰਚਾਰਜ ਡਾ. ਰੋਹੇਨ ਸਿੰਘ ਅਤੇ ਹੈਲਥ ਇੰਸਪੈਕਟਰ ਗੁਰਜੰਟ ਸਿੰਘ ਨੇ ਦਾਅਵਾ ਕੀਤਾ ਕਿ ਪਿੰਡ ਵਿੱਚ ਘਰ ਘਰ ਜਾ ਕੇ ਵੀ ਪੜਤਾਲ ਕੀਤੀ ਜਾ ਰਹੀ ਹੈ। ਅੱਜ ਪੇਟ ਦੀ ਬਿਮਾਰੀ ਤੋਂ ਪੀੜਤ 6 ਹੋਰ ਮਰੀਜ਼ ਕੈਂਪ ਵਿਚ ਦਾਖਲ ਹੋਏ ਸਨ। ਇਨ੍ਹਾਂ ਵਿੱਚੋਂ ਸਿਮਰਜੀਤ ਕੌਰ, ਗੁਰਜੀਤ ਸਿੰਘ ਅਤੇ ਸੰਦੀਪ ਸਿੰਘ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਤੱਕ ਮਰੀਜ਼ਾ ਦੀ ਗਿਣਤੀ 70 ਹੋ ਗਈ ਹੈ, ਜਿਨ੍ਹਾਂ ਵਿੱਚੋਂ 19 ਮਰੀਜ਼ ਹਸਪਤਾਲ ਵਿੱਚ ਰੈਫਰ ਕੀਤੇ ਗਏ ਹਨ। ਪਿੰਡ ਦੀ ਸਰਪੰਚ ਗੁਰਮੇਲ ਕੌਰ, ਜਗਤਾਰ ਸਿੰਘ ਤੂਰ ਅਤੇ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਘਰਾਂ ਦੀਆਂ ਟੈਂਕੀਆਂ ਨੂੰ ਸਾਫ ਕਰਵਾਇਆ ਜਾ ਰਿਹਾ ਹੈ। ਵਾਟਰ ਸਪਲਾਈ ਵਿਭਾਗ ਦੀ ਟੀਮ ਆਪਣੇ ਪੱਧਰ ’ਤੇ ਸਪਲਾਈ ਲਾਈਨ ਨੂੰ ਠੀਕ ਕਰਨ ਵਿੱਚ ਜੁਟੀ ਹੋਈ ਹੈ। ਫਿਲਹਾਲ ਪਿੰਡ ਦੇ ਲੋਕਾਂ ਦੇ ਪੀਣ ਲਈ ਆਰਓ ਵਾਲਾ ਪਾਣੀ ਅਤੇ ਹੋਰ ਵਰਤੋਂ ਲਈ ਟੈਂਕਰਾਂ ਰਾਹੀ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਪਿੰਡ ਵਾਸੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ ਲਗਾਇਆ ਕਿ ਮਹਿਕਮਾ ਅਤੇ ਸਰਕਾਰ ਇਸ ਦੁਖਾਂਤ ਦੇ ਜ਼ਿੰਮੇਵਾਰ ਹਨ। ਇਸ ਮੌਕੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰਗਟ ਸਿੰਘ, ਸੰਦੀਪ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।