ਜਗਮੋਹਨ ਸਿੰਘ
ਘਨੌਲੀ, 28 ਅਗਸਤ
ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਵੱਲੋਂ ਲਗਾਏ ਸੁਆਹ ਸੁਕਾਉਣ ਵਾਲੇ ਪਲਾਂਟ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਸਮਾਜ ਸੇਵੀ ਹਰਪ੍ਰੀਤ ਸਿੰਘ ਬਸੰਤ ਅਤੇ ਹਰਵਿੰਦਰ ਸਿੰਘ ਕਮਾਲਪੁਰ ਦੀ ਅਗਵਾਈ ਵਿੱਚ ਪਿੰਡ ਦਬੁਰਜੀ ਵਿਖੇ ਇਕੱਤਰ ਹੋਏ ਇਲਾਕੇ ਦੇ ਲੋਕਾਂ ਚਮਨ ਲਾਲ ਰਣਜੀਤਪੁਰਾ ਫੰਦੀ, ਕਰਮ ਸਿੰਘ, ਜਸਵੰਤ ਸਿੰਘ ਦਬੁਰਜੀ, ਗੁਰਬਾਜ ਸਿੰਘ ਦਬੁਰਜੀ, ਹਰਚੰਦ ਸਿੰਘ ਅਲੀਪੁਰ, ਵਰਿੰਦਰ ਸਿੰਘ ਦਬੁਰਜੀ, ਰਮਨਦੀਪ ਸਿੰਘ ਲੋਹਗੜ੍ਹ ਫਿੱਡੇ, ਮਾਸਟਰ ਜਗਤਾਰ ਸਿੰਘ ਲੌਦੀਮਾਜਰਾ ਨੇ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਦੱਸਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਨੇ ਚੁੱਪ-ਚੁਪੀਤੇ ਫੈਕਟਰੀ ਦੇ ਅਹਾਤੇ ਅੰਦਰ ਸੁਆਹ ਸੁਕਾਉਣ ਵਾਲਾ ਪਲਾਂਟ ਲਗਾ ਲਿਆ ਹੈ, ਜਿਥੋਂ ਸੁੱਕੀ ਸੁਆਹ ਉੱਡ ਕੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਘਰਾਂ ਤੱਕ ਪੁੱਜ ਜਾਂਦੀ ਹੈ, ਜਿਸ ਜਗ੍ਹਾ ਇਹ ਪਲਾਂਟ ਲਗਾਇਆ ਗਿਆ ਹੈ, ਉਹ ਜਗ੍ਹਾ ਪਿੰਡ ਦਬੁਰਜੀ ਦੀ ਆਬਾਦੀ ਦੇ ਬਿਲਕੁਲ ਨੇੜੇ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਅੰਬੂਜਾ ਸੀਮਿੰਟ ਫੈਕਟਰੀ ਵੱਲੋਂ ਇਸ ਸਬੰਧੀ ਪ੍ਰਦੂਸ਼ਣ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਵੱਲੋਂ ਵੀ ਇਸ ਪਲਾਂਟ ਬਾਰੇ ਕੋਈ ਜਾਣਕਾਰੀ ਆਪਣੀ ਵੈੱਬਸਾਈਟ ’ਤੇ ਨਸ਼ਰ ਨਹੀਂ ਕੀਤੀ ਗਈ। ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੁਖੀ ਰਾਜੀਵ ਜੈਨ ਨੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹਰ ਕੰਮ ਨਿਯਮਾਂ ਮੁਤਾਬਿਕ ਕੀਤਾ ਜਾ ਰਿਹਾ ਹੈ ਤੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਫੈਕਟਰੀ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਰੁਜ਼ਗਾਰ ਦਿੱਤਾ ਹੋਇਆ ਹੈ।