ਟ੍ਰਿਬਿਊਨ ਨਿਊਜ਼ ਸਰਵਿਸ
ਲੰਡਨ, 25 ਜੂਨ
ਪੰਜਾਬੀ ਲੇਖਕ ਤੇ ਵਿਦਵਾਨ ਪ੍ਰੋ. ਸੁਰਜੀਤ ਹਾਂਸ ਵੱਲੋਂ ਅੰਗਰੇਜ਼ੀ ਸਾਹਿਤਕਾਰ ਵਿਲੀਅਮ ਸ਼ੇਕਸਪੀਅਰ ਦੀਆਂ ਰਚਨਾਵਾਂ ਦੀਆਂ ਅਨੁਵਾਦ ਕੀਤੀਆਂ ਸਾਰੀਆਂ 39 ਕਿਤਾਬਾਂ ਬੀਤੇ ਦਿਨ ਕੌਮਾਂਤਰੀ ਸਕਾਲਰਾਂ ਲਈ ਲੰਡਨ ਵਿਚਲੇ ਵਿਸ਼ਵ ਪ੍ਰਸਿੱਧ ‘ਸ਼ੇਕਸਪੀਅਰ’ਜ਼ ਗਲੋਬ ਥੀਏਟਰ ਐਂਡ ਮਿਊਜ਼ੀਅਮ’ ਨੂੰ ਭੇਟ ਕੀਤੀਆਂ ਗਈਆਂ ਹਨ। ਪੁਸਤਕਾਂ ਦਾ ਇਹ ਸੈੱਟ ਪ੍ਰੋ. ਹਾਂਸ ਦੀ ਬੇਟੀ ਨਾਨਕੀ ਹਾਂਸ ਦੇ ਹਵਾਲੇ ਨਾਲ ਮੁਹੱਈਆ ਕਰਵਾਇਆ ਗਿਆ ਹੈ। ਇਸ ਸਬੰਧੀ ਸਮਾਗਮ ਥੀਏਟਰ ’ਚ ਹੋਇਆ ਜਿੱਥੇ ਲੰਡਨ ਆਧਾਰਿਤ ਪੰਜਾਬੀ ਲੇਖਕ ਤੇ ਕੌਂਸਲਰ ਰਣਜੀਤ ਧੀਰ ਨੇ ਅਨੁਵਾਦਿਤ ਕਿਤਾਬਾਂ ਦਾ ਸੈੱਟ ਗਲੋਬ ਮਿਊਜ਼ੀਅਮ ਦੇ ਆਰਕਾਈਵ ਤੇ ਲਾਇਬਰੇਰੀ’ਜ਼ ਡਾਇਰੈਕਟਰ ਵਿਕਟੋਰੀਆ ਲੇਨ ਨੂੰ ਸੌਂਪਿਆ। ਇਸ ਮੌਕੇ ਬਰਤਾਨਵੀ ਪੰਜਾਬੀ ਲੇਖਕ ਮੋਹਿੰਦਰਪਾਲ ਧਾਲੀਵਾਲ, ਕੇਸੀ ਮੋਹਨ ਤੇ ਦਰਸ਼ਨ ਢਿੱਲੋਂ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲਰ ਰਣਜੀਤ ਧੀਰ ਨੇ ਕਿਹਾ ਕਿ ਇਹ ਅਨੁਵਾਦਿਤ ਕਾਰਜ ਪ੍ਰੋ. ਸੁਰਜੀਤ ਹਾਂਸ ਅਤੇ ਉਨ੍ਹਾਂ ਦੇ ਸ਼ੇਕਸਪੀਅਰ ਪ੍ਰਤੀ ਪਿਆਰ, ਉਨ੍ਹਾਂ ਦੀ ਵਿਦਵਤਾ, ਸਿਰੜ, ਸਮਝ ਤੇ ਲਗਾਤਾਰ 20 ਸਾਲ ਕੰਮ ਕਰਦੇ ਰਹਿਣ ਦੀ ਸਮਰੱਥਾ ਦੀ ਵਿਲੱਖਣ ਕਹਾਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਕਈ ਹੋਰ ਵਿਦਵਾਨ ਵੀ ਹਨ ਜਿਨ੍ਹਾਂ ਸ਼ੇਕਸਪੀਅਰ ਦੀਆਂ ਰਚਨਾਵਾਂ ਅਨੁਵਾਦ ਕੀਤੀਆਂ ਹਨ ਪਰ ਪ੍ਰੋ. ਹਾਂਸ ਦੀ ਵਿਲੱਖਣਤਾ ਇਸ ਗੱਲ ’ਚ ਹੈ ਕਿ ਉਹ ਭਾਰਤ ਦੇ ਇੱਕੋ-ਇੱਕ ਵਿਦਵਾਨ ਹਨ ਜਿਨ੍ਹਾਂ ਸ਼ੇਕਸਪੀਅਰ ਦੀਆਂ ਸਾਰੀਆਂ ਰਚਨਾਵਾਂ ਦਾ ਅਨੁਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਪ੍ਰਾਪਤੀ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਸਾਹਿਤਕਾਰ ਐਵਾਰਡ’ ਵੀ ਦਿੱਤਾ ਜਾ ਚੁੱਕਾ ਹੈ। ਮਸ਼ਹੂਰ ਲੇਖਿਕਾ ਤੇ ਪੱਤਰਕਾਰ ਨਿਰੂਪਮਾ ਦੱਤ ਨੇ ਪ੍ਰੋ. ਹਾਂਸ ਨੂੰ ਵਿਸ਼ੇਸ਼ ਨਾਂ ਦਿੱਤਾ ਸੀ ਜਿਸ ਕਾਰਨ ਉਹ ਸਾਹਿਤਕ ਤੇ ਅਕਾਦਮਿਕ ਹਲਕਿਆਂ ’ਚ ‘ਸ਼ੇਕਸਪੀਅਰਵਾਲਾ’ ਦੇ ਨਾਂ ਨਾਲ ਜਾਣੇ ਜਾਂਦੇ ਸਨ।
ਗਲੋਬ ਮਿਊਜ਼ੀਅਮ ਦੇ ਆਰਕਾਈਵ ਤੇ ਲਾਇਬਰੇਰੀ’ਜ਼ ਡਾਇਰੈਕਟਰ ਵਿਕਟੋਰੀਆ ਲੇਨ ਨੇ ਕਿਤਾਬਾਂ ਲਈ ਕੌਂਸਲਰ ਧੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਿਊਜ਼ੀਅਮ ’ਚ ਸ਼ੇਕਸਪੀਅਰ ਦਾ ਹਰ ਭਾਸ਼ਾ ’ਚ ਅਨੁਵਾਦ ਕੀਤਾ ਸਾਹਿਤ ਰੱਖਿਆ ਗਿਆ ਹੈ ਤੇ ਇੱਥੇ ਪੰਜਾਬੀ ’ਚ ਅਨੁਵਾਦ ਕੀਤੇ ਸਾਹਿਤ ਦਾ ਵੀ ਸਵਾਗਤ ਹੈ। ਦੱਸਣਾ ਬਣਦਾ ਹੈ ਕਿ ਸਾਲ 2013 ’ਚ ਡਾ. ਸੁਰਜੀਤ ਹਾਂਸ ਦੀ ਇਤਿਹਾਸਕ ਪ੍ਰਾਪਤੀ ਸਦਕਾ ਪੰਜਾਬੀ ਭਾਸ਼ਾ ਫਰਾਂਸੀਸੀ, ਜਰਮਨ, ਰੂਸੀ ਤੇ ਹੋਰ ਯੂਰੋਪੀ ਭਾਸ਼ਾਵਾਂ ਦੇ ਬਰਾਬਰ ਦਾ ਮੁਕਾਮ ਹਾਸਲ ਕਰ ਲਿਆ ਜਦੋਂ ਉਨ੍ਹਾਂ ਵਿਲੀਅਮ ਸ਼ੇਕਸਪੀਅਰ ਦੀਆਂ ਪ੍ਰਗੀਤਕ ਗਾਥਾਵਾਂ ਤੇ ਕਵਿਤਾਵਾਂ ਸਮੇਤ 37 ਨਾਟਕਾਂ ਦਾ ਪੰਜਾਬੀ ’ਚ ਅਨੁਵਾਦ ਕਰ ਦਿੱਤਾ। ਡਾ. ਸੁਰਜੀਤ ਹਾਂਸ ਦੇ ਉੱਦਮ ਸਕਦਾ ਪੰਜਾਬੀ ਪਾਠਕ ਆਪਣੀ ਮਾਂ ਬੋਲੀ ’ਚ ਸ਼ੇਕਸਪੀਅਰ ਵੱਲੋਂ ਰਚਿਆ ਸਾਹਿਤ ਪੜ੍ਹ ਸਕਦੇ ਹਨ। ਡਾ. ਹਾਂਸ ਨੇ ਇਹ ਪ੍ਰਾਜੈਕਟ 20 ਸਾਲਾਂ ਦੀ ਮਿਹਨਤ ਨਾਲ 82 ਸਾਲ ਦੀ ਉਮਰ ’ਚ ਨੇਪਰੇ ਚਾੜ੍ਹਿਆ। ਪ੍ਰੋ. ਹਾਂਸ ਦਾ ਜਨਵਰੀ 2020 ’ਚ ਦੇਹਾਂਤ ਹੋ ਗਿਆ ਸੀ।