ਰਵੇਲ ਸਿੰਘ ਭਿੰਡਰ
ਪਟਿਆਲਾ, 25 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਬਾਗ ਪੈਲੇਸ ਵੱਲ ਰੁਜ਼ਗਾਰ ਪ੍ਰਾਪਤੀ ਲਈ ਈਟੀਟੀ 2364 ਸਿਲੈਕਟਡ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਲੀਸ ਵਲੋਂ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਕਈ ਦਰਜਨ ਬੇਰੁਜ਼ਗਾਰਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਕੇ ਨੇੜਲੇ ਥਾਣਿਆਂ ’ਚ ਬੰਦ ਕਰ ਦਿੱਤਾ।
ਪ੍ਰਦਰਸ਼ਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਚੋਣ ਕਰ ਲਈ ਹੈ ਪਰ ਨਿਯੁਕਤੀ ਪੱਤਰ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਚੁਣੇ ਗਏ ਅਧਿਆਪਕਾਂ ’ਚ ਰੋਸ ਦੀ ਲਹਿਰ ਹੈ। ਅਧਿਆਪਕਾਂ ਨੇ ਗਿਲਾ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਕਈ ਮਹੀਨਿਆਂ ਤੋਂ ਅਣਗੌਲਿਆ ਕਰ ਰਹੀ ਹੈ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਦੇਰੀ ਨਿਯੁਕਤੀ ਪੱਤਰ ਦਿੱਤੇ ਜਾਣ। ਉਧਰ ਸਰਕਾਰ ਵੱਲੋਂ ਅਜਿਹੇ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਖ਼ਿਲਾਫ਼ ਅੱਜ ਸਖ਼ਤ ਰੁਖ ਅਪਨਾਇਆ ਗਿਆ। ਜਿਉਂ ਹੀ ਅਧਿਆਪਕ ਵਾਈ.ਪੀ.ਐਸ.ਚੌਕ ਤੋਂ ਨਿਊ ਮੋਤੀ ਬਾਗ ਪੈਲੇਸ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਛੇ ਦਰਜਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਤੇ ਉਨ੍ਹਾਂ ਨੂੰ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੰਜ ਤੋਂ ਛੇ ਦਰਜਨ ਬੇਰੁਜ਼ਗਾਰ ਅਧਿਆਪਕ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ’ਚ ਬੰਦ ਹਨ।
ਈਟੀਟੀ ਅਧਿਆਪਕ ਯੂਨੀਅਨ ਦੀ ਸੂਬਾਈ ਮੀਟਿੰਗ ’ਚ ਅਹਿਮ ਫ਼ੈਸਲੇ
ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਦੀ ਮੌਜੂਦਾ ਹਕੂਮਤ ਦੇ ਸਾਢੇ ਚਾਰ ਸਾਲ ਬੀਤਣ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਅੱਧ-ਵਿਚਾਲੇ ਲਟਕਣ ਦੇ ਰੋਸ ਵਜੋਂ ਅੱਜ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜਥੇਬੰਦੀ ਵੱਲੋਂ ਲਏ ਗਏ ਫ਼ੈਸਲਿਆਂ ਤਹਿਤ 6 ਜੁਲਾਈ ਨੂੰ ਪੰਜਾਬ ਭਰ ਦੇ ਅਧਿਆਪਕ ਜ਼ਿਲ੍ਹਾ ਪੱਧਰਾਂ ’ਤੇ ਵੱਡੇ ਇਕੱਠ ਕਰ ਕੇ ਡਿਪਟੀ ਕਮਿਸ਼ਨਰਾਂ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ ਅਧਿਆਪਕਾਂ ਅਤੇ ਪੂਰਾ ਗਰੇਡ ਪੇਅ ਲਾਗੂ ਕਰਨ ਦੀ ਮੰਗ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦੇ ਕੇ ਰੋਸ ਪ੍ਰਗਟਾਉਣਗੇ। ਜਥੇਬੰਦੀ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇ ਸਰਕਾਰ ਵੱਲੋਂ ਅਧਿਆਪਕਾਂ ਦੀ ਮੁੱਢਲੀ ਮੰਗ ਪੁਰਾਣੀ ਪੈਨਸ਼ਨ ਅਤੇ ਪੇਅ ਗਰੇਡ ਨੂੰ ਜਲਦੀ ਲਾਗੂ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਆਪਣੇ ਐਕਸ਼ਨ ਹੋਰ ਤਿੱਖੇ ਕਰ ਕੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜੇਗੀ। ਇਸੇ ਦੌਰਾਨ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਮਾਨਸਾ ਜ਼ਿਲ੍ਹੇ ਤੋਂ ਰਾਜੇਸ਼ ਕੁਮਾਰ ਬੁਢਲਾਡਾ ਨੂੰ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਅਧਿਆਪਕਾਂ ਦੀ ਅੰਤਰ ਜ਼ਿਲ੍ਹਾ ਬਦਲੀ ਬਹਾਲ ਕਰਨ ਦੀ ਵੀ ਮੰਗ ਕੀਤੀ।