ਨਵੀਂ ਦਿੱਲੀ, 27 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾਣ ਵਾਲੇ ‘ਅੰਮ੍ਰਿਤ ਮਹਾਉਤਸਵ’ ਨੂੰ ਸਿਰਫ ਸਰਕਾਰੀ ਸਮਾਗਮ ਹੀ ਨਹੀਂ ਰਹਿਣਾ ਚਾਹੀਦਾ ਬਲਕਿ ਇਸ ਨੂੰ ਲੋਕ ਲਹਿਰ ਵਜੋਂ ਅੱਗੇ ਲਿਜਾਣਾ ਚਾਹੀਦਾ ਹੈ। ਇਸ ਲਈ ਜਨਤਕ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਵਿਧਾਨ ਸਭਾ ਹਲਕੇ ਵਿਚ ਦੋ-ਦੋ ਵਰਕਰਾਂ ਦੀ ਟੀਮ ਬਣਾਉਣ ਜੋ 75 ਪਿੰਡਾਂ ਦਾ ਦੌਰਾ ਕਰੇ ਅਤੇ ਟੀਮ ਉਥੇ 75 ਦਿਨ ਬਤੀਤ ਕਰੇ। ਇਸ ਦੌਰਨ ਲੋਕਾਂ ਵਿਚ ਡਿਜੀਟਲ ਸਾਖਰਤਾ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਵਿਰੋਧੀ ਪਾਰਟੀਆਂ ਦੇ ਰਵੱਈਏ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਦੱਸਣ ਲਈ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ’ਤੇ ਬਹਿਸ ਲਈ ਤਿਆਰ ਹੈ ਪਰ ਵਿਰੋਧੀ ਧਿਰ ਇਸ ਤੋਂ ਭੱਜ ਰਹੀ ਹੈ ਤੇ ਹੰਗਾਮਾ ਕਰ ਰਹੀ ਹੈ।