ਪਟਨਾ, 20 ਸਤੰਬਰ
ਪਟਨਾ ਦੀ ਕੋਰਟ ਨੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਉਸ ਦੀ ਸੰਸਦ ਮੈਂਬਰ ਭੈਣ ਮੀਸਾ ਭਾਰਤੀ ਤੇ ਕੁਝ ਹੋਰਨਾਂ ਸਿਆਸੀ ਹਸਤੀਆਂ ਖਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਦੀ ਹਦਾਇਤ ਕੀਤੀ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਸਾਲ 2019 ਦੀਆਂ ਆਮ ਚੋਣਾਂ ਮੌਕੇ ਲੋਕ ਸਭਾ ਲਈ ਟਿਕਟ ਦੇਣ ਦਾ ਵਾਅਦਾ ਕਰਕੇ ਉਸ ਨਾਲ ਕਥਿਤ 5 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ।
ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਜੈ ਕਿਸ਼ੋਰ ਸਿੰਘ ਨੇ ਉਪਰੋਕਤ ਹੁਕਮ 16 ਸਤੰਬਰ ਨੂੰ ਸੰਜੀਵ ਕੁਮਾਰ ਦੀ ਪਟੀਸ਼ਨ ’ਤੇ ਕੀਤੇ ਹਨ। ਪਟੀਸ਼ਨਰ ਦਾ ਦਾਅਵਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਭਾਗਲਪੁਰ ਸੀਟ ਤੋਂ ਪਾਰਟੀ ਟਿਕਟ ਲਈ ਦਾਅਵੇਦਾਰ ਸੀ। ਕੁਮਾਰ ਨੇ ਸ਼ਿਕਾਇਤ ਵਿੱਚ ਯਾਦਵ ਦੀ ਵੱਡੀ ਭੈਣ ਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਤੋਂ ਇਲਾਵਾ ਸੂਬਾਈ ਕਾਂਗਰਸ ਪ੍ਰਧਾਨ ਮਦਨ ਮੋਹਨ ਝਾਅ, ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੁਖੀ ਮਰਹੂਮ ਸਦਾਨੰਦ ਸਿੰਘ ਤੇ ਉਨ੍ਹਾਂ ਦੇ ਪੁੱਤਰ ਸ਼ੁਭਾਨੰਦ ਮੁਕੇਸ਼ ਤੇ ਕਾਂਗਰਸ ਤਰਜਮਾਨ ਰਾਜੇਸ਼ ਰਾਠੌੜ ਦਾ ਨਾਂ ਵੀ ਲਿਖਵਾਇਆ ਹੈ। ਕੋਰਟ ਨੇ ਪਟਨਾ ਦੇ ਸੀਨੀਅਰ ਐੱਸਪੀ ਨੂੰ ਹੁਕਮ ਕੀਤੇ ਹਨ ਕਿ ਉਹ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦੇ ਆਧਾਰ ’ਤੇ ਐੱਫਆਈਆਰ ਦਰਜ ਕਰਕੇ ਜਾਂਚ ਆਰੰਭੇ। ਉਧਰ ਆਰਜੇਡੀ ਦੇ ਤਰਜਮਾਨ ਤੇ ਸਾਬਕਾ ਵਿਧਾਇਕ ਮ੍ਰਿਤੰਜਯ ਤਿਵਾੜੀ ਨੇ ਕਿਹਾ, ‘‘ਅਸੀਂ ਅਜਿਹੀ ਸ਼ਿਕਾਇਤ ’ਤੇ ਵਿਚਾਰ ਕੀਤੇ ਜਾਣ ਤੋਂ ਹੈਰਾਨ ਹਾਂ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਹ ਕਾਂਗਰਸ ਦੀ ਟਿਕਟ ਮੰਗ ਰਿਹਾ ਸੀ ਜਦੋਂਕਿ ਉਸ ਨੇ ਸਾਡੀ ਪਾਰਟੀ ਦੇ ਆਗੂਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।’’ ਕਾਬਿਲੇਗੌਰ ਹੈ ਕਿ ਕਾਂਗਰਸ ਤੇ ਆਰਜੇਡੀ ਪੁਰਾਣੇ ਭਾਈਵਾਲ ਹਨ ਤੇ ਦੋਵਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਇਕ ਗੱਠਜੋੜ ਵਜੋਂ ਲੜੀਆਂ ਸਨ। -ਪੀਟੀਆਈ