ਨਵੀਂ ਦਿੱਲੀ: ਕਰੋਨਾਵਾਇਰਸ ਦੀ ਲਾਗ ਲੱਗਣ ਕਾਰਨ 30,256 ਲੋਕ ਪਾਜ਼ੇਟਿਵ ਪਾਏ ਗਏ। ਇਸ ਤਰ੍ਹਾਂ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਕੇ 3,34,78,419 ’ਤੇ ਪਹੁੰਚ ਗਈ। ਦੂਜੇ ਪਾਸੇ 183 ਦਿਨਾਂ ਵਿੱਚ ਸਰਗਰਮ ਕੇਸਾਂ ਵਿੱਚ 3,18,181 ਕਮੀ ਆਈ। ਇਹ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ।
ਸਵੇਰੇ ਅੱਠ ਵਜੇ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ 295 ਨਵੀਆਂ ਮੌਤਾਂ ਨਾਲ ਮੌਤ ਦਰ 4,45,133 ’ਤੇ ਪਹੁੰਚ ਗਈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਵਿੱਚ 13,977 ਕੇਸਾਂ ਦੀ ਗਿਰਾਵਟ ਦਰਜ ਕੀਤੀ ਗਈ। ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ 11,77,607 ਟੈਸਟ ਕੀਤੇ ਗਏ। ਹੁਣ ਤੱਕ ਦੇਸ਼ ਵਿੱਚ ਕੋਵਿਡ-19 ਦੇ ਕੁੱਲ 55,36,21,766 ਟੈਸਟ ਕੀਤੇ ਜਾ ਚੁੱਕੇ ਹਨ। ਪਾਜ਼ੇਟਿਵਿਟੀ ਦਰ 2.57 ਫ਼ੀਸਦ ਰਿਕਾਰਡ ਕੀਤੀ ਗਈ ਜੋ 21 ਦਿਨਾਂ ਵਿੱਚ 3 ਫ਼ੀਸਦ ਘੱਟ ਹੈ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 2.07 ਦਰਜ ਕੀਤੀ ਗਈ। ਇਹ ਵੀ ਪਿਛਲੇ 21 ਦਿਨਾਂ ਵਿੱਚ ਤਿੰਨ ਫ਼ੀਸਦੀ ਘਟੀ ਹੈ।
ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 79.58 ਖ਼ੁਰਾਕਾਂ ਮੁਹੱਈਆ ਕਰਵਾਈਆਂ ਗਈਆਂ। ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਕੋਲ ਕੋਵਿਡ-19 ਦੀਆਂ 5.43 ਕਰੋੜ ਖ਼ੁਰਾਕਾਂ ਬਕਾਇਆ ਤੇ ਅਣਵਰਤੀਆਂ ਪਈਆਂ ਹਨ। -ਪੀਟੀਆਈ