ਨਵੀਂ ਦਿੱਲੀ, 29 ਸਤੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਜੈਪੁਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਨਾ ਹੋ ਸਕਣ ਦੀ ਘਟਨਾ ਲਈ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਮੁਆਫੀ ਮੰਗੀ ਹੈ ਅਤੇ ਉਹ ਹੁਣ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਲੜਨਗੇ। ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਗਹਿਲੋਤ ਨੇ ਇਹ ਵੀ ਕਿਹਾ ਕਿ ਹੁਣ ਮੁੱਖ ਮੰਤਰੀ ਅਹੁਦੇ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਮੈਂ 50 ਸਾਲਾਂ ਤੋਂ ਕਾਂਗਰਸ ਦਾ ਵਫਾਦਾਰ ਸਿਪਾਹੀ ਰਿਹਾ ਹਾਂ…ਦੋ ਦਿਨ ਪਹਿਲਾਂ ਦੀ ਘਟਨਾ ਨਾਲ ਬਹੁਤ ਦੁੱਖ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਮੈਂ ਸੋਨੀਆ ਜੀ ਕੋਲੋਂ ਮੁਆਫੀ ਮੰਗੀ ਹੈ।’’ ਗਹਿਲੋਤ ਨੇ ਕਿਹਾ, ‘‘ਵਿਧਾਇਕ ਦਲ ਦੀ ਮੀਟਿੰਗ ਵਿੱਚ ਇਕ ਲਾਈਨ ਦਾ ਪ੍ਰਸਤਾਵ ਪਾਸ ਕਰਵਾਉਣਾ ਮੇਰੀ ਨੈਤਿਕ ਜ਼ਿੰਮੇਵਾਰੀ ਸੀ। ਮੈਂ ਉਸ ਨੂੰ ਕਰਵਾ ਨਹੀਂ ਸਕਿਆ। ਇਸ ਮਾਹੌਲ ਵਿੱਚ ਮੈਂ ਫੈਸਲਾ ਲਿਆ ਕਿ ਹੁਣ ਮੈਂ ਪ੍ਰਧਾਨ ਦੀ ਚੋਣ ਨਹੀਂ ਲੜਾਂਗਾ।’’ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣ ਜਾਂ ਹਟਣ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਸੋਨੀਆ ਗਾਂਧੀ ਕਰਨਗੇ। -ਪੀਟੀਆਈ