ਕੋਲਕਾਤਾ, 23 ਮਈ
ਭਾਜਪਾ ਦੇ ਕਈ ਕਾਨੂੰਨਸਾਜ਼ਾਂ ਵੱਲੋਂ ਪੱਛਮੀ ਬੰਗਾਲ ਦੇ ਉੱਤਰੀ ਜ਼ਿਲ੍ਹਿਆਂ ਨੂੰ ਵੱਖਰਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਤੋਂ ਕੁੱਝ ਦਿਨਾਂ ਬਾਅਦ ਹੀ ਪੱਛਮੀ ਬੰਗਾਲ ਤੋਂ ਭਾਜਪਾ ਸੰਸਦ ਮੈਂਬਰ ਸੁਮਿਤਰਾ ਖ਼ਾਨ ਨੇ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚੋਂ ਮੁੜ ਵੱਖਰਾ ‘ਜੰਗਲਮਹਿਲ’ ਸੂਬਾ ਬਣਾਉਣ ਦੀ ਮੰਗ ਕੀਤੀ ਹੈ। ਬਾਂਕੁਰਾ ਜ਼ਿਲ੍ਹੇ ਦੀ ਬਿਸ਼ਨੂਪੁਰ ਸੰਸਦੀ ਸੀਟ ਤੋਂ ਸੰਸਦ ਮੈਂਬਰ ਸੁਮਿੱਤਰਾ ਖ਼ਾਨ ਨੇ ਮੰਗ ਕੀਤੀ ਕਿ ਦੱਖਣੀ ਬੰਗਾਲ ਵਿਚਲੇ ਜ਼ਿਲ੍ਹਿਆਂ ਬਾਂਕੁਰਾ, ਪੁਰੂਲੀਆ, ਪੱਛਮੀ ਮੇਦਿਨੀਪੁਰ, ਝਾਰਗ੍ਰਾਮ, ਬੀਰਭੂਮ ਅਤੇ ਪੱਛਮੀ ਬਰਧਮਾਨ ਨੂੰ ਇੱਕ ਵੱਖਰਾ ਸੂਬਾ ਬਣਾਇਆ ਜਾਵੇ। ਉਨ੍ਹਾਂ ਵੱਲੋਂ ਦੋ ਮਹੀਨਿਆਂ ਵਿੱਚ ਦੂਜੀ ਵਾਰ ‘ਜੰਗਲਮਹਿਲ’ ਸੂਬਾ ਬਣਾਉਣ ਦੀ ਇਹ ਮੰਗ ਕੀਤੀ ਗਈ ਹੈ। ਸੰਘਣੇ ਜੰਗਲੀ ਇਲਾਕੇ ਵਿੱਚ ‘ਵਿਕਾਸ ਦੀ ਘਾਟ’ ਨੂੰ ਲੈ ਕੇ ਤ੍ਰਿਣਮੂਲ ਸਰਕਾਰ ’ਤੇ ਵਰ੍ਹਦਿਆਂ ਸੁਮਿਤਰਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚੋਂ ਇਲਾਕਾ ਵੱਖ ਕਰਨ ਦਾ ਸਮਾਂ ਆ ਗਿਆ ਹੈ।