ਗੁਰਬਖਸ਼ਪੁਰੀ
ਤਰਨ ਤਾਰਨ, 26 ਜੁਲਾਈ
ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਗੰਭੀਰ ਬਣ ਗਈ ਹੈ| ਤਰਨ ਤਾਰਨ ਵਾਸੀਆਂ ਨੂੰ ਇਸ ਸਮੱਸਿਆ ਦਾ ਬੀਤੇ ਕਰੀਬ ਇਕ ਮਹੀਨੇ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ| ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦਾ ਟਿਊਬਵੈੱਲ ਨੰਬਰ-1 ਬੀਤੇ ਅੱਠ ਦਿਨਾਂ ਤੋਂ ਖਰਾਬ ਹੋਣ ਕਾਰਨ ਸ਼ਹਿਰ ਦੀ ਮੁੱਖ ਸੜਕ ਸਥਿਤ ਅੱਧੀ ਆਬਾਦੀ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ| ਇਹ ਟਿਊਬਵੈੱਲ ਨਗਰ ਕੌਂਸਲ ਦਫਤਰ ਦੇ ਬਾਹਰ ਦੁਕਾਨਦਾਰਾਂ ਨੂੰ ਪਾਣੀ ਸਪਲਾਈ ਕਰਦਾ ਹੈ| ਨਗਰ ਕੌਂਸਲ ਦੀ ਆਪਣੀ ਹੀ ਮਾਰਕੀਟ ਪਾਲਿਕਾ ਬਾਜ਼ਾਰ ਤੋਂ ਇਲਾਵਾ ਗੋਇੰਦਵਾਲ ਰੋਡ, ਸਰਹਾਲੀ ਰੋਡ, ਮੁਰਾਦਪੁਰ ਰੋਡ, ਖਾਲਸਾਪੁਰ ਰੋਡ, ਜੰਡਿਆਲਾ ਰੋਡ ਆਦਿ ਦੀਆਂ ਆਬਾਦੀਆਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ| ਇਸ ਦੇ ਨਾਲ ਹੀ ਸੱਚਖੰਡ ਰੋਡ ਦੇ ਸ਼ਮਸ਼ਾਨਘਾਟ ਨੇੜਲੇ ਟਿਊਬਵੈੱਲ ਦੀ ਮੋਟਰ ਸੜ ਜਾਣ ਕਾਰਨ ਸਮੱਸਿਆ ਹੋਰ ਗੰਭੀਰ ਬਣ ਗਈ ਹੈ| ਮੁੱਖ ਸੜਕ ਦੇ ਦੁਕਾਨਦਾਰਾਂ ਬਾਉ, ਲਾਡੀ, ਸੰਤੋਖ ਸਿੰਘ ਤੇ ਪੱਪੂ ਕੁਲਚਿਆਂ ਵਾਲੇ ਨੇ ਦੱਸਿਆ ਕਿ ਉਹ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ|
ਇਸ ਸਬੰਧੀ ਨਗਰ ਕੌਂਸਲ ਦੀ ਕਾਰਜ ਸਾਧਕ ਅਧਿਕਾਰੀ ਸ਼ਰਨਜੀਤ ਕੌਰ ਨੇ ਕਿਹਾ ਕਿ ਬੀਤੀ ਰਾਤ ਸ਼ਹਿਰ ਦੀ ਜੰਡਿਆਲਾ ਰੋਡ ਦੇ ਟਿਊਬਵੈੱਲ ਦੀਆਂ ਤਾਰਾਂ, ਸਟਾਰਟਰ ਅਤੇ ਹੋਰ ਸਾਮਾਨ ਚੋਰੀ ਹੋਣ ਕਾਰਨ ਸਥਿਤੀ ਹੋਰ ਮੁਸੀਬਤ ਵਾਲੀ ਬਣ ਗਈ ਹੈ| ਉਨ੍ਹਾਂ ਕਿਹਾ ਕਿ ਹਾਲਾਤ ਇਥੋਂ ਤੱਕ ਗੰਭੀਰ ਬਣ ਗਏ ਹਨ ਕਿ ਅੱਜ ਐੱਸਡੀਐੱਮ ਦੇ ਦਫਤਰ ਵਿੱਚ ਸਪਲਾਈ ਲਈ ਬਾਹਰੋਂ ਪਾਣੀ ਦਾ ਟੈਂਕਰ ਭੇਜਣਾ ਪਿਆ|