ਇਸਲਾਮਾਬਾਦ, 20 ਸਤੰਬਰ
ਪਾਕਿਸਤਾਨ ਦੇ ਪੰਜਾਬ ਸੂੁਬੇ ਵਿੱਚ ਘੱਟਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਗਰੀਬ ਪਰਿਵਾਰ ਨੂੰ ਮਸਜਿਦ ’ਚੋਂ ਪੀਣ ਵਾਲਾ ਪਾਣੀ ਲਿਆਉਣਾ ਕਾਫ਼ੀ ਮਹਿੰਗਾ ਪਿਆ ਹੈ। ਕੁਝ ਰਸੂਖ਼ਵਾਨਾਂ ਨੇ ਨਾ ਸਿਰਫ ਇਸ ਪਰਿਵਾਰ ਨੂੰ ਤਸੀਹੇ ਦਿੱਤੇ ਬਲਕਿ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਦੋਸ਼ ਵਿੱਚ ‘ਬੰਦੀ’ ਵੀ ਬਣਾਈ ਰੱਖਿਆ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ।
ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਆਲਮ ਰਾਮ ਭੀਲ, ਜੋ ਕਿ ਪੰਜਾਬ ਸੂਬੇ ਦੇ ਰਹੀਮਯਾਰ ਖ਼ਾਨ ਸ਼ਹਿਰ ਦਾ ਵਸਨੀਕ ਹੈ, ਆਪਣੀ ਪਤਨੀ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਖੇਤ ਵਿੱਚ ਰੂੰ ਚੁਗਣ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਨੇੜੇ ਹੀ ਇਕ ਮਸਜਿਦ ਵਿੱਚ ਲੱਗੀ ਟੂਟੀ ’ਚੋਂ ਪਾਣੀ ਲੈਣ ਗਏ ਤਾਂ ਕੁਝ ਸਥਾਨਕ ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਕੁੱਟਿਆ। ਰਿਪੋਰਟ ਮੁਤਾਬਕ ਪਰਿਵਾਰ ਰੂੰਅ ਦੀਆਂ ਗੰਢਾਂ ਢੇਰੀ ਕਰਨ ਮਗਰੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਆਪਣੇ ਡੇਰੇ ਵਿੱਚ ਬੰਦੀ ਬਣਾ ਕੇ ਤਸੀਹੇ ਦਿੱਤੇ। ਭੀਲ ਨੇ ਕਿਹਾ ਕਿ ਪੁਲੀਸ ਨੇ ਅਜੇ ਤੱਕ ਹਮਲਾਵਰਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਹੈ ਕਿਉਂਕਿ ਉਹ ਮੁਲਕ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਥਾਨਕ ਸੰਸਦ ਮੈਂਬਰ ਨਾਲ ਸਬੰਧਤ ਹਨ। ਘੱਟਗਿਣਤੀ ਵਿੰਗ ਦੇ ਸਕੱਤਰ ਜਨਰਲ ਯੁਧਿਸ਼ਟਰ ਚੌਹਾਨ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਹੈ, ਪਰ ਸੱਤਾਧਾਰੀ ਪਾਰਟੀ ਦੇ ਰਸੂਖ਼ ਕਰਕੇ ਉਨ੍ਹਾਂ ਇਸ ਮਾਮਲੇ ਤੋਂ ਦੂਰ ਰਹਿਣ ਨੂੰ ਹੀ ਤਰਜੀਹ ਦਿੱਤੀ। -ਪੀਟੀਆਈ