ਕੋਪਨਹੇਗਨ, 9 ਨਵੰਬਰ
ਇੱਥੇ ਨਾਰਵੇ ਦੀ ਰਾਜਧਾਨੀ ਓਸਲੋ ਦੀਆਂ ਗਲੀਆਂ ’ਚ ਕਥਿਤ ਤੌਰ ’ਤੇ ਚਾਕੂ ਨਾਲ ਲੈਸ ਇੱਕ ਵਿਅਕਤੀ ਵੱਲੋਂ ਰਾਹਗੀਰਾਂ ਨੂੰ ਧਮਕਾਇਆ ਗਿਆ, ਜਿਸ ਨੂੰ ਮਗਰੋਂ ਪੁਲੀਸ ਨੇ ਮਾਰ ਮੁਕਾਇਆ। ਨਾਰਵੇ ਮੀਡੀਆ ਨੇ ਕਥਿਤ ਹਮਲਾਵਰ ਦੀ ਫੁਟੇਜ ਪ੍ਰਕਾਸ਼ਿਤ ਕੀਤੀ ਹੈ, ਜਿਸ ’ਚ ਇਹ ਵਿਅਕਤੀ ਧੜ ਤੋਂ ਨੰਗਾ ਵਿਖਾਈ ਦੇ ਰਿਹਾ ਹੈ ਤੇ ਚਾਕੂ ਫੜਿਆ ਹੋਇਆ ਹੈ। ਪੁਲੀਸ ਨੇ ਪਹਿਲਾਂ ਕਿਹਾ ਕਿ ਹੋ ਸਕਦਾ ਹੈ ਕਿ ਇਸ ਵਿਅਕਤੀ ਨੇ ਰਾਹਗੀਰਾਂ ਨੂੰ ਜ਼ਖ਼ਮੀ ਕੀਤਾ ਹੋਵੇ ਪਰ ਬਾਅਦ ’ਚ ਦੱਸਿਆ ਕਿ ਸਿਰਫ਼ ਇੱਕ ਪੁਲੀਸ ਅਧਿਕਾਰੀ ਨੂੰ ਹੀ ਥੋੜ੍ਹੀ ਸੱਟ ਲੱਗੀ ਹੈ। ਸੀਨੀਅਰ ਪੁਲੀਸ ਮੁਖੀ ਏਜਿਲ ਜੋਰਜੈਨ ਬਰੈੱਕ ਨੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ,‘ਸਾਨੂੰ ਅਜੇ ਤੱਕ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ ਕਿ ਇਹ ਦਹਿਸ਼ਤੀ ਘਟਨਾ ਹੈ। ਸਾਡੇ ਲਈ ਇਹ ਇਕੱਲੇ ਵਿਅਕਤੀ ਵੱਲੋਂ ਕੀਤਾ ਗਿਆ ਕਾਰਾ ਹੈ, ਇਸ ਲਈ ਸ਼ਹਿਰ ਵਾਸੀਆਂ ਦੀ ਸੁਰੱਖਿਆ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਇਸ ਵਿਅਕਤੀ ਦਾ ਅਪਰਾਧਿਕ ਪਿਛੋਕੜ ਸੀ।’ -ਏਪੀ