ਲੰਡਨ, 9 ਨਵੰਬਰ
ਯੂਕੇ ਸਰਕਾਰ ਨੇ ਕਿਹਾ ਹੈ ਕਿ ਭਾਰਤ ਦੀ ਕਰੋਨਾ ਵੈਕਸੀਨ ‘ਕੋਵੈਕਸੀਨ’ ਨੂੰ ਇਸਦੀ ਮਨਜ਼ੂਰਸ਼ੁਦਾ ਕੋਵਿਡ- 19 ਵੈਕਸੀਨਾਂ ਦੀ ਸੂਚੀ ਵਿੱਚ 22 ਨਵੰਬਰ ਤੋਂ ਸ਼ਾਮਲ ਕਰ ਲਿਆ ਜਾਵੇਗਾ। ਇਸ ਦਾ ਅਰਥ ਇਹ ਹੋਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਭਾਰਤ ਬਾਇਓਟੈੱਕ ਵੱਲੋਂ ਬਣਾਈ ਇਹ ਵੈਕਸੀਨ ਲਗਵਾਈ ਹੈ, ਉਨ੍ਹਾਂ ਨੂੰ ਇੰਗਲੈਂਡ ਪੁੱਜਣ ’ਤੇ ਹੁਣ ਖ਼ੁਦ ਨੂੰ ਏਕਾਂਤਵਾਸ ਨਹੀਂ ਕਰਨਾ ਪਵੇਗਾ। ਇਹ ਕਦਮ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਤਿਆਰ ਸੂਚੀ ’ਚ ਸ਼ਾਮਲ ਕਰਨ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ। ਇਸ ਆਲਮੀ ਸੰਸਥਾ ਮੁਤਾਬਕ ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਵਾਸਤੇ ਕੋਵੈਕਸੀਨ ਦੀ ਦੂਜੇ ਨੰਬਰ ’ਤੇ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਭਾਰਤ ਵੱਲੋਂ ਬਣਾਈ ਜਾ ਰਹੀ ਆਕਸਫੋਰਡ-ਐਸਟਰਾਜ਼ੈਨੇਕਾ ਕੋਵਿਡ- 19 ਵੈਕਸੀਨ ‘ਕੋਵੀਸ਼ੀਲਡ’ ਨੂੰ ਯੂਕੇ ਦੀ ਪ੍ਰਵਾਨਿਤ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਭਾਰਤ ’ਚ ਬਰਤਾਨੀਆ ਦੇ ਹਾਈ ਕਮਿਸ਼ਨਰ ਐਲੈਕਸ ਇਲੀਅਸ ਨੇ ਕਿਹਾ,‘ਯੂਕੇ ਆਉਣ ਵਾਲੇ ਭਾਰਤੀ ਮੁਸਾਫ਼ਰਾਂ ਲਈ ਇੱਕ ਹੋਰ ਚੰਗੀ ਖ਼ਬਰ। ਹੁਣ 22 ਨਵੰਬਰ ਤੋਂ ਡਬਲਿਊਐੱਚਓ ਵੱਲੋਂ ਐਮਰਜੈਂਸੀ ਵਰਤੋਂ ਲਈ ਤਿਆਰ ਸੂਚੀ ’ਚ ਸ਼ਾਮਲ ਕੋਵਿਡ- 19 ਵੈਕਸੀਨ, ਜਿਸ ’ਚ ‘ਕੋਵੈਕਸੀਨ’ ਵੀ ਸ਼ਾਮਲ ਹੈ, ਨਾਲ ਟੀਕਾਕਰਨ ਕਰਵਾ ਚੁੱਕੇ ਮੁਸਾਫ਼ਰਾਂ ਨੂੰ ਹੁਣ ਖ਼ੁਦ ਨੂੰ ਏਕਾਂਤਵਾਸ ਨਹੀਂ ਕਰਨਾ ਪਵੇਗਾ।’ ਇਹ ਫ਼ੈਸਲਾ 22 ਨਵੰਬਰ ਨੂੰ ਸਵੇਰੇ 4 ਵਜੇ ਤੋਂ ਲਾਗੂ ਹੋ ਜਾਵੇਗਾ। ਕੋਵੈਕਸੀਨ ਤੋਂ ਇਲਾਵਾ, ਚੀਨ ਦੀ ਸਿਨੋਵੈਕ ਅਤੇ ਸਿਨੋਫਾਰਮ, ਜੋ ਡਬਲਿਊਐੱਚਓ ਦੀ ਐਮਰਜੈਂਸੀ ਵਰਤੋਂ ਵਾਲੀ ਸੂਚੀ ’ਚ ਸ਼ਾਮਲ ਹਨ, ਨੂੰ ਵੀ ਯੂਕੇ ਸਰਕਾਰ ਵੱਲੋਂ ਸਫ਼ਰ ਲਈ ਮਾਨਤਾ ਦਿੱਤੀ ਜਾਵੇਗੀ ਜਿਸਦਾ ਯੂਏਈ ਅਤੇ ਮਲੇਸ਼ੀਆ ਤੋਂ ਆਉਣ ਵਾਲੇ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਫ਼ਾਇਦਾ ਮਿਲੇਗਾ। ਇਨ੍ਹਾਂ ਮੁਸਾਫ਼ਰਾਂ ਨੂੰ ਨਾ ਤਾਂ ਉਡਾਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਪਵੇਗਾ, ਨਾ ਹੀ ਅੱਠਵੇਂ ਦਿਨ ਕਰੋਨਾ ਟੈਸਟ ਕਰਵਾਉਣ ਜਾਂ ਖ਼ੁਦ ਨੂੰ ਏਕਾਂਤਵਾਸ ਕਰਨ ਦੀ ਲੋੜ ਪਵੇਗੀ। -ਪੀਟੀਆਈ
ਬਿਨਾਂ ਟੀਕਾਕਰਨ ਵਾਲਿਆਂ ’ਤੇ ਕਰੋਨਾ ਪਾਬੰਦੀਆਂ ਲਾਗੂ ਰਹਿਣਗੀਆਂ
ਬ੍ਰਿਸਬੇਨ (ਹਰਜੀਤ ਲਸਾੜਾ): ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਨੇ ਦੱਸਿਆ ਕਿ ਕੋਵਿਡ- 19 ਪਾਬੰਦੀਆਂ ਵਿੱਚ ਢਿੱਲ ਸਿਰਫ਼ ਉਨ੍ਹਾਂ ਵਿਅਕਤੀਆਂ ਲਈ ਹੋਵੇਗੀ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੋਵੇ। ਕਰੋਨਾ ਟੀਕਾਕਰਨ ਤੋਂ ਵਾਂਝੇ ਲੋਕਾਂ ’ਤੇ ਕਰੋਨਾ ਪਾਬੰਦੀਆਂ ਲਾਗੂ ਰਹਿਣਗੀਆਂ ਅਤੇ ਉਹ ਕਈ ਸੇਵਾਵਾਂ ਤੋਂ ਵਾਂਝੇ ਵੀ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲਾਂ, ਬਜ਼ੁਰਗਾਂ ਦੀ ਦੇਖਭਾਲ ਸਬੰਧੀ ਸਹੂਲਤਾਂ ਅਤੇ ਜੇਲ੍ਹ ਕਾਮਿਆਂ ਨੂੰ ਵੀ ਦੋਵਾਂ ਡੋਜ਼ਾਂ ਦੀ ਲੋੜ ਪਵੇਗੀ। ਸੂਬੇ ਵਿੱਚ ਇਹ ਨਵੇਂ ਨਿਯਮ 17 ਦਸੰਬਰ ਤੋਂ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ ਪੱਬ, ਕਲੱਬ, ਨਾਈਟ ਕਲੱਬ, ਹੋਟਲ, ਟੇਵਰਨ, ਰੈਸਟੋਰੈਂਟ, ਕੈਫੇ, ਬਾਰ, ਸਮਾਗਮ ਸਥਾਨ, ਸਿਨੇਮਾ ਘਰ ਅਤੇ ਸੰਗੀਤ ਸਥਾਨ ਕਰੋਨਾ ਪਾਬੰਦੀਆਂ ਤੋਂ ਮੁਕਤ ਹੋਣਗੇ ਬਸ਼ਰਤੇ ਕਿ ਸਾਰੇ ਸਰਪ੍ਰਸਤ ਅਤੇ ਸਟਾਫ਼ ਮੈਂਬਰਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਖੇਡ ਸਟੇਡੀਅਮਾਂ ਅਤੇ ਥੀਮ ਪਾਰਕਾਂ ਜਿਹੀਆਂ ਬਾਹਰੀ ਮਨੋਰੰਜਕ ਗਤੀਵਿਧੀਆਂ ਦੇ ਨਾਲ-ਨਾਲ ਸਾਰੇ ਤਿਉਹਾਰਾਂ ਵਿੱਚ ਵੀ ਸਿਰਫ਼ ਟੀਕਾਕਰਨ ਵਾਲੇ ਕਾਮਿਆਂ ਅਤੇ ਸਰਪ੍ਰਸਤਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਵਿਆਹ ਸਮਾਗਮਾਂ ’ਤੇ ਵੀ ਕੋਈ ਸੀਮਾ ਨਹੀਂ ਹੋਵੇਗੀ ਜਿੱਥੇ ਸਾਰੇ ਮਹਿਮਾਨਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਦੱਸਣਯੋਗ ਹੈ ਕਿ ਇਹ ਨਵੇਂ ਨਿਯਮ ਸਿਰਫ਼ 16 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ’ਤੇ ਲਾਗੂ ਹੁੰਦੇ ਹਨ ਜੋ ਟੀਕਾਕਰਨ ਦੇ ਯੋਗ ਹਨ। ਮਾਸਕ ਪਾਬੰਦੀਆਂ ਵੀ ਆਉਂਦੇ ਦਿਨਾਂ ’ਚ ਹਟਾਈਆਂ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਸੂਬੇ ਦੇ ਬਾਰਡਰ ਮੁੜ ਖੋਲ੍ਹਣ ਨਾਲ ਨਵੇਂ ਕੋਵਿਡ- 19 ਕੇਸ ਸਾਹਮਣੇ ਆ ਸਕਦੇ ਹਨ।