ਨਵੀਂ ਦਿੱਲੀ: ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਹਨ। ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ ਆਪਣੀਆਂ ਮੈਂਬਰ ਏਅਰਲਾਈਨਜ਼ ਨੂੰ 20 ਅਪਰੈਲ ਨੂੰ ਇਹ ਜਾਣਕਾਰੀ ਦਿੱਤੀ। ਭਾਰਤ, ਚੀਨ ਦੀਆਂ ਯੂਨੀਵਰਸਿਟੀਆਂ ਵਿੱਚ ਰਜਿਸਟਰਡ ਲਗਪਗ 22,000 ਭਾਰਤੀ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਦਾ ਮੁੱਦਾ ਗੁਆਂਢੀ ਦੇਸ਼ ਕੋਲ ਉਠਾਉਂਦਾ ਰਿਹਾ ਹੈ। ਇਹ ਉਹ ਵਿਦਿਆਰਥੀ ਹਨ ਜਿਹੜੇ ਕਲਾਸਾਂ ਲਗਾਉਣ ਲਈ ਉਥੇ ਨਹੀਂ ਜਾ ਸਕੇ। ਚੀਨ ਨੇ ਅਜੇ ਤਾਈਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ। ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਰ ਕੇ 2020 ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਭਾਰਤ ਪਰਤਣਾ ਪਿਆ ਸੀ। ਭਾਰਤ ਸਬੰਧੀ 20 ਅਪਰੈਲ ਨੂੰ ਜਾਰੀ ਇਕ ਹੁਕਮ ਵਿੱਚ ਆਈਏਟੀਏ ਨੇ ਕਿਹਾ, ‘‘ਚੀਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ ਹੁਣ ਪ੍ਰਮਾਣਕ ਨਹੀਂ ਹਨ।’’ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੇਠ ਲਿਖਤ ਯਾਤਰੀਆਂ ਨੂੰ ਭਾਰਤ ਵਿੱਚ ਦਾਖ਼ਲੇ ਦੀ ਇਜਾਜ਼ਤ ਹੈ: ਭੂਟਾਨ ਦੇ ਨਾਗਰਿਕ, ਭਾਰਤ, ਮਾਲਦੀਵ ਅਤੇ ਨੇਪਾਲ ਦੇ ਨਾਗਰਿਕ, ਭਾਰਤ ਵੱਲੋਂ ਜਾਰੀ ਨਿਵਾਸ ਪਰਮਿਟ ਵਾਲੇ ਯਾਤਰੀ, ਭਾਰਤ ਵੱਲੋਂ ਜਾਰੀ ਵੀਜ਼ਾ ਜਾਂ ਈ-ਵੀਜ਼ਾ ਵਾਲੇ ਯਾਤਰੀ, ਓਸੀਆਈ ਕਾਰਡ ਜਾਂ ਬੁੱਕਲੈੱਟ ਵਾਲੇ ਯਾਤਰੀ, ਭਾਰਤੀ ਮੂਲ ਦੇ ਵਿਅਕਤੀ (ਪੀਆਈਓ) ਕਾਰਡ ਵਾਲੇ ਯਾਤਰੀ ਅਤੇ ਡਿਪਲੋਮੈਟਿਕ ਪਾਸਪੋਰਟ ਵਾਲੇ ਯਾਤਰੀ। ਆਈਏਟੀਏ ਨੇ ਇਹ ਵੀ ਕਿਹਾ ਕਿ ਦਸ ਸਾਲਾਂ ਦੀ ਮਿਆਦ ਵਾਲੇ ਟੂਰਿਸਟ ਵੀਜ਼ੇ ਹੁਣ ਵੈਧ ਨਹੀਂ ਹਨ। ਆਈਏਟੀਏ ਲਗਪਗ 290 ਮੈਂਬਰਾਂ ਵਾਲੀ ਇਕ ਵਿਸ਼ਵ ਪੱਧਰ ਦੀ ਏਅਰਲਾਈਨਜ਼ ਬਾਡੀ ਹੈ। ਦੁਨੀਆਂ ਭਰ ਦੀਆਂ ਏਅਰਲਾਈਨਜ਼ ’ਚੋਂ 80 ਫ਼ੀਸਦ ਇਸ ਦੀਆਂ ਮੈਂਬਰ ਹਨ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ 17 ਮਾਰਚ ਨੂੰ ਕਿਹਾ ਸੀ ਕਿ ਭਾਰਤ ਨੇ ਪੇਈਚਿੰਗ ਨੂੰ ਇਸ ਮਾਮਲੇ ਵਿੱਚ ‘ਅਨੁਕੂਲ ਰੁ਼ਖ’ ਅਖ਼ਤਿਆਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸਖ਼ਤ ਪਾਬੰਦੀਆਂ ਦੀ ਨਿਰੰਤਰਤਾ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਵਿਦਿਅਕ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਬਾਗਚੀ ਨੇ ਕਿਹਾ ਕਿ ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਤਰਜਮਾਨ ਨੇ 8 ਫਰਵਰੀ ਨੂੰ ਕਿਹਾ ਸੀ, ‘‘ਚੀਨ ਇਸ ਮਾਮਲੇ ਨੂੰ ਤਾਲਮੇਲ ਵਾਲੇ ਢੰਗ ਨਾਲ ਦੇਖ ਰਿਹਾ ਹੈ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਚੀਨ ਪਰਤਣ ਦੀ ਇਜਾਜ਼ਤ ਦੇਣ ਦੀ ਵਿਵਸਥਾ ਦੀ ਜਾਂਚ ਕੀਤੀ ਜਾ ਰਹੀ ਹੈ।’’ ਬਾਗਚੀ ਨੇ ਕਿਹਾ, ‘‘ਪਰ ਮੈਂ ਸਪੱਸ਼ਟ ਕਰ ਦੇਵਾਂ ਕਿ ਅੱਜ ਤੱਕ, ਚੀਨ ਨੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਬਾਰੇ ਕੋਈ ਸਪੱਸ਼ਟ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਸੀਂ ਚੀਨ ਨੂੰ ਆਪਣੇ ਵਿਦਿਆਰਥੀਆਂ ਦੇ ਹਿੱਤ ਵਿੱਚ ਇਕ ਅਨੁਕੂਲ ਰੁਖ਼ ਅਪਣਾਉਣ ਦੀ ਅਪੀਲ ਕਰਨਾ ਜਾਰੀ ਰੱਖਾਂਗੇ। ਇਹ ਕਹਿੰਦੇ ਰਹਾਂਗੇ ਕਿ ਉਹ ਜਲਦੀ ਤੋਂ ਜਲਦੀ ਵਿਦਿਆਰਥੀਆਂ ਨੂੰ ਚੀਨ ਪਰਤਣ ਦੀ ਸਹੂਲਤ ਪ੍ਰਦਾਨ ਕਰੇ, ਜਿਸ ਨਾਲ ਕਿ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ।’’ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਸਾਲ ਸਤੰਬਰ ਵਿੱਚ ਦੁਸ਼ਾਨਬੇ ’ਚ ਇਕ ਮੀਟਿੰਗ ਦੌਰਾਨ ਇਹ ਮੁੱਦਾ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਕੋਲ ਵੀ ਉਠਾਇਆ ਸੀ। -ਪੀਟੀਆਈ