ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਫਰਵਰੀ
ਕਰਨਾਟਕ ਵਿੱਚ ਮੁਸਲਿਮ ਔਰਤਾਂ ਦੇ ਹਿਜਾਬ ਪਾਉਣ ਬਾਰੇ ਲਾਈ ਗਈ ਪਾਬੰਦੀ ਖ਼ਿਲਾਫ਼ ਦਿੱਲੀ ਦੇ ਚਰਚਿਤ ਸ਼ਾਹੀਨ ਬਾਗ਼ ਵਿੱਚ ਮੁਸਲਿਮ ਔਰਤਾਂ ਵੱਲੋਂ ਹਿਜਾਬ ਪਾ ਕੇ ਉਡੀਪੀ (ਕਰਨਾਟਕ) ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਨੌਜਵਾਨ ਮੁਟਿਆਰਾਂ ਨੇ ਸ਼ਾਹੀਨ ਬਾਗ਼ ਦੇ 40 ਫੁੱਟਾ ਮਾਰਗ ਉਪਰ ਪ੍ਰਦਰਸ਼ਨ ਕੀਤਾ। ਇਹ ਸ਼ਾਂਤਪਈ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਵੀ ਵਿਦਿਆਰਥੀਆਂ ਨੇ ਕਰਨਾਟਕ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਸ਼ਾਮਲ ਲੜਕੀਆਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਬੁਨਿਆਦੀ ਅਧਿਕਾਰ ਹੈ ਕਿ ਉਹ ਕੀ ਪਹਿਨਣ ਤੇ ਕੋਈ ਸਰਕਾਰੀ ਧਿਰ ਉਨ੍ਹਾਂ ਨੂੰ ਮਜ਼ਬੂਰ ਨਹੀਂ ਕਰ ਸਕਦੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉਪਰ ‘ਹਿਜਾਬ ਸਾਡਾ ਹੱਕ ਹੈ’, ਸੰਵਿਧਾਨ ਵੀ ਬਰਾਬਰੀ ਦਾ ਹੱਕ ਦਿੰਦਾ ਹੈ ਤੇ ਕਾਨੂੰਨੀ ਰੋਕ ਨਹੀਂ ਹੈ। ਇੱਕ ਮੁਟਿਆਰ ਨੇ ਕਿਹਾ ਕਿ ਸਿੱਖ ਸਿਰਾਂ ਉਪਰ ਪੱਗ ਬੰਨ੍ਹਦੇ ਹਨ ਤੇ ਉਹ ਹੈਲਮੈਟ ਨਹੀਂ ਪਾਉਂਦੇ ਪਰ ਉਨ੍ਹਾਂ ਦਾ ਚਲਾਨ ਨਹੀਂ ਹੁੰਦਾ ਕਿ ਸਿੱਖ ਧਰਮ ਪੱਗ ਦੀ ਇਜਾਜ਼ਤ ਦਿੰਦਾ ਹੈ। ਜੱਦੋਂ ਉੱਥੇ ਕਾਨੂੰਨ ਇੱਕ ਪਾਸੇ ਹੋ ਜਾਂਦਾ ਹੈ ਤਾਂ ਮੁਸਲਮਾਨਾਂ ਉਪਰ ਹੀ ਪਾਬੰਦੀ ਕਿਉਂ। ਕਈ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁਸਲਿਮ ਭਾਈਚਾਰੇ ਖ਼ਿਲਾਫ਼ ਹੀ ਨਫ਼ਰਤ ਫੈਲਾਉਣ ਲਈ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਪ੍ਰਦਰਸ਼ਨ ਦੇ ਕੋਆਰਡੀਨੇਟਰ ਏਐੱਮਆਈਐੱਮ ਪਾਰਟੀ ਮੈਂਬਰ ਮਹਿਮੂਦ ਨੇ ਕਿਹਾ ਕਿ ਇਹ ਸ਼ਾਂਤਮਈ ਮਾਰਚ ਕੱਢਿਆ ਤੇ ਹਿਜਾਬ ਦੇ ਹੱਕ ਵਿੱਚ ਸੰਘਰਸ਼ ਕਰ ਰਹੀਆਂ ਲੜਕੀਆਂ ਲਈ ਲੜ ਰਹੇ ਹਾਂ ਕਿਉਂਕਿ ਸ਼ਾਹੀਨ ਬਾਗ਼ ਤੋਂ ਉੱਠੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਜਾਗੇ ਤਾਂ ਅੱਗੇ ਚੱਲ ਕੇ ਨਮਾਜ਼ ਉਪਰ ਵੀ ਪਾਬੰਦੀ ਲਾਈ ਜਾ ਸਕਦੀ ਹੈ।