ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਅਗਸਤ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸ ਸੰਘਰਸ਼ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰ ਸਿਆਸੀ ਲੋਕਾਂ ਦਾ ਵਿਰੋਧ ਹੋ ਰਿਹਾ ਹੈ। ਪਿੰਡ ਪੱਖੋਕੇ ਵਿੱਚ ਵੀ ਕਿਸਾਨਾਂ ਵੱਲੋਂ ਸਿਆਸੀ ਲੋਕਾਂ ਦੇ ਪਿੰਡ ਵਿੱਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੀ ਪਿੰਡ ਪੱਖੋਕੇ ਦੀ ਇਕਾਈ ਵਲੋਂ ਪਿੰਡ ਦੇ ਦਾਖ਼ਲੇ ਰਾਹਾਂ ’ਤੇ ਬੈਨਰ ਲਗਾ ਕੇ ਸਿਆਸੀ ਲੋਕਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ।
ਜੱਥੇਬੰਦੀ ਦੇ ਪਿੰਡ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਮੋਹਣੀ, ਇਕਬਾਲ ਸਿੰਘ ਜੱਸੜ, ਨਾਇਬ ਸਿੰਘ, ਗੁਰਪ੍ਰੀਤ ਸਿੰਘ ਝੰਡਾ ਅਤੇ ਆਤਮਾ ਸਿੰਘ ਨੇ ਦੱਸਿਆ ਕਿ ਸਿਆਸੀ ਲੋਕਾਂ ਵੱਲੋਂ ਦਿੱਤੇ ਧੋਖੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਅੱਜ ਦਿੱਲੀ ਦੀਆਂ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ, ਜਿਸ ਕਰਕੇ ਖੇਤੀ ਕਾਨੂੰਨਾਂ ਦੇ ਚੱਲਦੇ ਸੰਘਰਸ਼ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਜਿੱਥੇ ਬੀਜੇਪੀ ਦਾ ਮੁਕੰਮਲ ਬਾਈਕਾਟ ਹੈ। ਉਥੇ ਬਾਕੀ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਪਿੰਡਾਂ ਵਿੱਚ ਘੇਰਿਆ ਜਾਵੇਗਾ। ਕਿਉਂਕਿ ਇਨ੍ਹਾਂ ਪਾਰਟੀਆਂ ਨੇ ਵੀ ਕਿਸਾਨਾਂ ਲਈ ਕੁੱਝ ਖਾਸ ਨਹੀਂ ਕੀਤਾ। ਜਿਸ ਕਰਕੇ ਜੇਕਰ ਇਨ੍ਹਾਂ ਵਿੱਚੋਂ ਕਿਸੇ ਵੀ ਪਾਰਟੀ ਦਾ ਲੀਡਰ ਪਿੰਡ ਪੱਖੋਕੇ ਵਿੱਚ ਆਵੇਗਾ ਤਾਂ ਉਨ੍ਹਾਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਜਥੇਬੰਦੀ ਵਲੋਂ ਬੱਸ ਅੱਡੇ ਅਤੇ ਪਿੰਡ ਮੱਲ੍ਹੀਆਂ ਵਾਲੇ ਰਸਤੇ ‘ਤੇ ਬੈਨਰ ਲਗਾਏ ਗਏ ਹਨ।