ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 17 ਸਤੰਬਰ
ਇਲਾਕੇ ਵਿੱਚ ਝੋਨੇ ਦੀ ਫ਼ਸਲ ਨੂੰ ਮਧਰਾ (ਚੀਨੀ) ਵਾਇਰਸ ਨੇ ਵੱਡੇ ਪੱਧਰ ਉੱਤੇ ਪ੍ਰਭਾਵਿਤ ਕੀਤਾ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਬਿਜਾਈ ਦੇ ਸਮੇਂ ਤੋਂ ਹੀ ਵਾਇਰਸ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਸੀ, ਪਰ ਉਸ ਸਮੇਂ ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਲੱਗ ਸਕਿਆ। ਜਿਉਂ ਜਿਉਂ ਫ਼ਸਲ ਵੱਡੀ ਹੋਈ ਤਾਂ ਹਰ ਖੇਤ ਵਿੱਚ ਕੁੱਝ ਪੌਦੇ ਬਾਕੀ ਫ਼ਸਲ ਨਾਲੋਂ ਛੋਟੇ ਰਹਿ ਗਏ। ਉਨ੍ਹਾਂ ਜਦੋਂ ਇਸ ਬਾਰੇ ਖੇਤੀਬਾੜੀ ਵਿਭਾਗ ਤੋਂ ਸਲਾਹ ਲਈ ਤਾਂ ਉਨ੍ਹਾਂ ਵੱਲੋਂ ਇਸ ਰੋਗ ਨੂੰ ਚੀਨੀ ਜਾਂ ਮਧਰਾ ਵਾਇਰਸ ਕਾਰਨ ਹੋਣ ਬਾਰੇ ਦੱਸਿਆ ਪਰ ਮਾਹਿਰ ਉਨ੍ਹਾਂ ਨੂੰ ਕੋਈ ਢੁਕਵਾਂ ਇਲਾਜ ਨਾ ਦੱਸ ਸਕੇ।
ਕਿਸਾਨ ਜਗਤਾਰ ਸਿੰਘ ਨਾਨੋਵਾਲ, ਮੰਗਲ ਸਿੰਘ ਨਾਨੋਵਾਲ, ਗੁਰਜੀਤ ਸਿੰਘ ਬਾਜਵਾ, ਸੁਰੇਸ਼ ਸਿੰਘ ਨੰਬਰਦਾਰ, ਜਰਨੈਲ ਸਿੰਘ ਲਾਧੂਪੁਰ ਅਤੇ ਹਰਜੀਤ ਸਿੰਘ ਜਾਗੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਪੀਆਰ-121 ਕਿਸਮ ਦਾ ਝੋਨਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅਗੇਤੀ ਲਗਾਈ ਗਈ ਫ਼ਸਲ ਇਸ ਬਿਮਾਰੀ ਦੀ ਲਪੇਟ ਵਿੱਚ ਜ਼ਿਆਦਾ ਆਈ ਪਰ ਪਿਛੇਤੀ ਫ਼ਸਲ ਵੀ ਇਸ ਬਿਮਾਰੀ ਤੋਂ ਥੋੜ੍ਹੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਕਾਹਨੂੰਵਾਨ ਬੇਟ ਖੇਤਰ ਵਿੱਚ ਸੈਂਕੜੇ ਏਕੜ ਝੋਨਾ ਲਗਪਗ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਇਸ ਤੋਂ ਵੱਡੇ ਖੇਤਰ ਵਿੱਚ ਝੋਨਾ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਝਾੜ ਘੱਟ ਰਹਿਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀ ਮਹਿਕਮੇ ਵੱਲੋਂ ਸਿਫ਼ਾਰਸ਼ ਦਵਾਈਆਂ ਦੇ ਛਿੜਕਾਅ ਦਾ ਵੀ ਇਸ ਰੋਗ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਜਿਉਂ ਜਿਉਂ ਫ਼ਸਲ ਪੱਕਣ ਲਈ ਤਿਆਰ ਹੋ ਰਹੀ ਹੈ, ਪ੍ਰਭਾਵਿਤ ਬੂਟਾ ਪੀਲਾ ਹੋ ਕੇ ਸੁੱਕ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਮਹਿਕਮੇ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਦੇ ਬਾਵਜੂਦ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ।
ਸਰਵੇ ਦਾ ਕੰਮ ਜਾਰੀ: ਖੇਤੀਬਾੜੀ ਅਫ਼ਸਰ
ਬਲਾਕ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਭੱਟੀ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਖੇਤਰ ਵਿੱਚ ਪ੍ਰਭਾਵਿਤ ਫ਼ਸਲ ਦਾ ਪਤਾ ਲਗਾਉਣ ਲਈ ਸਰਵੇ ਕੀਤਾ ਜਾ ਰਿਹਾ ਹੈ। ਦੋ-ਤਿੰਨ ਦਿਨਾਂ ਵਿੱਚ ਸਰਵੇ ਮੁਕੰਮਲ ਕਰਵਾ ਕੇ ਲਿਸਟਾਂ ਮਾਲ ਵਿਭਾਗ ਨੂੰ ਭੇਜ ਦਿੱਤੀਆਂ ਜਾਣਗੀਆਂ।