ਗਗਨਦੀਪ ਸਿੰਘ ਗੁਰਾਇਆ
ਉੱਤਰਾਖੰਡ ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਹਿੱਸਾ ਸੀ। ਯੂ.ਪੀ. ਵਿੱਚੋਂ ਪਹਾੜੀ ਇਲਾਕਾ ਕੱਢ ਕੇ ਨਵਾਂ ਸੂਬਾ ਬਣਾ ਦਿੱਤਾ ਗਿਆ। ਹੁਣ ਹਿਮਾਚਲ ਪ੍ਰਦੇਸ਼ ਵਾਂਗ ਉੱਤਰਾਖੰਡ ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਉੱਤਰਾਖੰਡ ਵਿੱਚ ਬਹੁਤ ਸਾਰੀਆਂ ਸੈਰਗਾਹਾਂ ਤੇ ਧਾਰਮਿਕ ਸਥਾਨ ਸੈਲਾਨੀਆਂ ਦੇ ਮਨਾਂ ਨੂੰ ਖਿੱਚ ਪਾਉਂਦੇ ਹਨ ਜਿਵੇਂ ਕਿ ਅਲਮੋੜਾ, ਰਾਣੀਖੇਤ, ਨੈਨੀਤਾਲ, ਮਸੂਰੀ, ਹੇਮਕੁੰਟ ਸਾਹਿਬ, ਹਰਿਦੁਆਰ, ਕੇਦਾਰਨਾਥ, ਰਿਸ਼ੀਕੇਸ਼ ਆਦਿ। ਸਾਰਾ ਸਾਲ ਹੀ ਸੈਲਾਨੀ ਹੁਣ ਪਹਾੜਾਂ ਵੱਲ ਵਹੀਰਾਂ ਘੱਤ ਕੇ ਤੁਰੇ ਰਹਿੰਦੇ ਹਨ। ਗਰਮੀਆਂ ਵਿੱਚ ਠੰਢ ਲੱਭਣ ਲਈ ਅਤੇ ਸਿਆਲਾਂ ਵਿੱਚ ਬਰਫ਼ ਦਾ ਆਨੰਦ ਮਾਣਨ ਲਈ ਲੋਕ ਪਹਾੜਾਂ ਦਾ ਰੁਖ਼ ਕਰਦੇ ਹਨ।
ਕੁਦਰਤੀ ਦ੍ਰਿਸ਼ਾਂ ਵਾਲਾ ਧਨੌਲਟੀ ਵੀ ਅਜਿਹਾ ਰਮਣੀਕ ਸਥਾਨ ਹੈ ਜੋ ਮਨ ਨੂੰ ਸਕੂਨ ਦਿੰਦਾ ਤੇ ਰੂਹ ਨੂੰ ਤਰੋ-ਤਾਜ਼ਾ ਕਰਦਾ ਹੈ। ਸਮੁੰਦਰੀ ਤਲ ਤੋਂ ਲਗਭਗ 2300 ਮੀਟਰ ਦੀ ਉਚਾਈ ’ਤੇ ਵੱਸਿਆ ਇਹ ਪਿੰਡ ਨੁਮਾ ਕਸਬਾ ਮਸੂਰੀ ਦੇ ਨੇੜੇ ਹੈ ਅਤੇ ਇੱਥੇ ਵੱਖ-ਵੱਖ ਦਿਸ਼ਾਵਾਂ ਤੋਂ ਪੁੱਜਿਆ ਜਾ ਸਕਦਾ ਹੈ। ਪਾਉਂਟਾ ਸਾਹਿਬ ਤੋਂ ਦੇਹਰਾਦੂਨ ਬਰਾਸਤਾ ਮਸੂਰੀ ਹੁੰਦੇ ਹੋਏ ਅਤੇ ਰਿਸ਼ੀਕੇਸ਼ ਵਾਲੇ ਪਾਸਿਓਂ ਵੀ ਇੱਥੇ ਪਹੁੰਚਿਆ ਜਾ ਸਕਦਾ ਹੈ।
ਮੈਦਾਨੀ ਇਲਾਕਾ ਪਾਰ ਕਰ ਕੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਸ਼ਹਿਰ ਪਾਉਂਟਾ ਸਾਹਿਬ ਪੁੱਜੀਦਾ ਹੈ। ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ ਚਾਰ ਸਾਲ ਰਹੇ। ਯਮੁਨਾ ਕੰਢੇ ਅਤੇ ਪਹਾੜਾਂ ਦੀ ਗੋਦ ਵਿੱਚ ਵੱਸੇ ਇਸ ਸ਼ਹਿਰ ਵਿੱਚ ਗੁਰੂ ਸਾਹਿਬ ਨਾਲ ਸਬੰਧਿਤ ਬਹੁਤ ਸਾਰੇ ਗੁਰਦੁਆਰੇ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਪੂਰਾ ਦਿਨ ਚਾਹੀਦਾ ਹੈ।
ਪਾਉਂਟਾ ਸਾਹਿਬ ਤੋਂ 43 ਕਿਲੋਮੀਟਰ ਦੀ ਵਿੱਥ ’ਤੇ ਦੇਹਰਾਦੂਨ ਹੈ ਜੋ ਕਿ ਉੱਤਰਾਖੰਡ ਦੀ ਰਾਜਧਾਨੀ ਹੈ। ਰਾਜਧਾਨੀ ਹੋਣ ਕਰਕੇ ਇਹ ਬਹੁਤ ਵੱਡਾ ਸ਼ਹਿਰ ਹੈ। ਇੱਥੇ ਵੀ ਬਹੁਤ ਸਾਰੀਆਂ ਵੇਖਣਯੋਗ ਥਾਵਾਂ ਹਨ। ‘ਸ਼ਾਸਤਰਧਾਰਾ’ ਨਾਮੀ ਪਾਣੀ ਦੇ ਝਰਨੇ ਹਨ ਜਿੱਥੇ ਸੈਲਾਨੀ ਪਾਣੀ ਨਾਲ ਅਠਖੇਲੀਆਂ ਕਰਦੇ ਹਨ। ਗੁੱਚੂਪਾਣੀ ਦੇ ਇਲਾਕੇ ਵਿੱਚ ‘ਰੋਬਰਸ ਕੇਵ’ ਨਾਮੀ ਪਾਣੀ ਦਾ ਚਸ਼ਮਾ ਹੈ ਜਿੱਥੇ ਪਹਾੜਾਂ ਦੇ ਵੱਡੇ ਵੱਡੇ ਪੱਥਰ ਆਪਸ ’ਚ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਸੰਗਮ ਵਿੱਚੋਂ ਲੰਮੀ ਗੁਫ਼ਾ ਰਾਹੀਂ ਪਾਣੀ ਦਾ ਚਸ਼ਮਾ ਵਹਿੰਦਾ ਹੈ। ਇਸ ਤੋਂ ਇਲਾਵਾ ਤਪਕੇਸ਼ਵਰ ਮੰਦਿਰ, ਮਾਲਸੀ ਡੀਅਰ ਪਾਰਕ ਅਤੇ ਤਿੱਬਤੀਆਂ ਦਾ 185 ਫੁੱਟ ਉੱਚਾ ਸਤੂਪ ਜੋ ਕਿ ਮਾਇੰਡਰੋਲਿੰਗ ਮੋਨੈਸਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵੀ ਵੇਖਣਯੋਗ ਥਾਵਾਂ ਹਨ। ਦੇਹਰਾਦੂਨ ਦੀ ਬਾਸਮਤੀ, ਲੀਚੀ ਅਤੇ ਬੇਕਰੀ ਉਤਪਾਦ ਕਾਫ਼ੀ ਪ੍ਰਸਿੱਧ ਹਨ।
ਦੇਹਰਾਦੂਨ ਤੋਂ 34 ਕਿਲੋਮੀਟਰ ’ਤੇ ਮਸੂਰੀ ਸ਼ਹਿਰ ਹੈ ਜਿਸ ਨੂੰ ਪਹਾੜਾਂ ਦੀ ਰਾਣੀ ਕਰਕੇ ਜਾਣਿਆ ਜਾਂਦਾ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 2000 ਮੀਟਰ ਹੈ। ਮਸੂਰੀ ਪੁੱਜਦਿਆਂ ਹੀ ਠੰਢ ਦਾ ਅਹਿਸਾਸ ਹੋਣ ਲੱਗਦਾ ਹੈ। ਮਸੂਰੀ ਦੀਆਂ ਪ੍ਰਮੁੱਖ ਸੈਲਾਨੀ ਥਾਵਾਂ ਕੈਂਪਟੀ ਫਾਲ, ਗੰਨ ਹਿੱਲ ਪੁਆਇੰਟ, ਭੱਟਾ ਫਾਲ ਆਦਿ ਨੇ। ਦੇਸ਼ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਖਲਾਈ ਦੇਣ ਵਾਸਤੇ 1959 ਵਿੱਚ ਇੱਥੇ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਸਥਾਪਤ ਕੀਤੀ ਗਈ। ਰਾਤ ਨੂੰ ਮਾਲ ਰੋਡ ’ਤੇ ਖਲੋ ਕੇ ਦੇਖਿਆਂ ਹੇਠਾਂ ਦੂਨ ਘਾਟੀ ਵਿੱਚ ਬੱਤੀਆਂ ਦੀ ਜਗਮਗਾਹਟ ਦੀਵਾਲੀ ਦੀ ਰਾਤ ਦਾ ਅਹਿਸਾਸ ਕਰਵਾਉਂਦੀ ਹੈ। ਇੱਥੇ ਮੌਸਮ ਦਾ ਮਿਜ਼ਾਜ ਪਲ ਪਲ ਬਦਲਦਾ ਹੈ।
ਮਸੂਰੀ ਤੋਂ 24 ਕਿਲੋਮੀਟਰ ਦੀ ਵਿੱਥ ’ਤੇ ਹੈ ਧਨੌਲਟੀ। ਰਿਸ਼ੀਕੇਸ਼ ਤੋਂ ਵੀ ਨਵੀਂ ਟੀਹਰੀ ਹੋ ਕੇ ਇਸ ਦੀ ਦੂਰੀ ਲਗਭਗ 90 ਕਿਲੋਮੀਟਰ ਹੈ। ਧਨੌਲਟੀ ਦਾ ਜ਼ਿਲ੍ਹਾ ਟੀਹਰੀ ਗੜਵਾਲ ਹੈ। ਦਿੱਲੀ ਤੋਂ ਇਸ ਦਾ ਫ਼ਾਸਲਾ ਕੋਈ 300 ਕਿਲੋਮੀਟਰ ਹੈ ਤੇ ਇਸ ਨੂੰ ਨੇੜਲਾ ਹਵਾਈ ਅੱਡਾ ਦੇਹਰਾਦੂਨ ਹੀ ਲੱਗਦਾ ਹੈ। ਹੋਰ ਵੱਡੇ ਸੈਲਾਨੀ ਕੇਂਦਰਾਂ ਵਾਂਗ ਇੱਥੇ ਕੋਈ ਮਾਲ ਰੋਡ ਨਹੀਂ। ਨਾ ਕੋਈ ਭੀੜ ਭੜੱਕੇ ਵਾਲੇ ਬਾਜ਼ਾਰ। ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਇਕਾਂਤ ਵਿੱਚ ਖ਼ੂਬਸੂਰਤ ਕਾਇਨਾਤ । ਨਾ ਕੋਈ ਫੈਕਟਰੀ, ਨਾ ਧੂੰਆਂ ਛੱਡਦੀਆਂ ਗੱਡੀਆਂ। ਧਿਆਨ ਲਈ ਬਹੁਤ ਹੀ ਢੁੱਕਵੀਂ ਜਗ੍ਹਾ। ਬੱਚਿਆਂ ਦੇ ਖੇਡਣ ਲਈ ਈਕੋ ਪਾਰਕ ਹੈ। ਰਹਿਣ ਵਾਸਤੇ ਗੜ੍ਹਵਾਲ ਮੰਡਲ ਟੂਰਿਜ਼ਮ ਦਾ ਸੁੰਦਰ ਗੈਸਟ ਹਾਊਸ ਹੈ। ਇਸ ਤੋਂ ਇਲਾਵਾ ਹੋਮ ਸਟੇਅ, ਕੈਂਪ ਸਾਈਟ ਅਤੇ ਰੰਗਦਾਰ ਸ਼ਾਮਿਆਨਿਆਂ ਦੇ ਰੈਣ ਬਸੇਰੇ ਹਨ। ਕੁਝ ਕੁ ਹੋਟਲ ਵੀ ਹਨ। ਧਨੌਲਟੀ ਵਿੱਚ ਧੁੰਦ ਅਤੇ ਸੀਤ ਹਵਾਵਾਂ ਦੀ ਜੁਗਲਬੰਦੀ ਅਜੀਬ ਅਤੇ ਸਕੂਨ ਭਰਿਆ ਅਨੁਭਵ ਕਰਵਾਉਂਦੀ ਹੈ। ਪਲਾਂ ਵਿੱਚ ਧੁੰਦ ਦੀ ਚਿੱਟੀ ਚਾਦਰ ਆ ਕੇ ਤੁਹਾਨੂੰ ਢਕ ਲੈਂਦੀ ਹੈ ਅਤੇ ਤੁਹਾਨੂੰ ਕੋਲ ਬੈਠਾ ਵੀ ਕੋਈ ਦਿਖਾਈ ਨਹੀਂ ਦਿੰਦਾ। ਫਿਰ ਅਗਲੀ ਘੜੀ ਹੀ ਹਵਾ ਦੇ ਬੁੱਲੇ ਧੁੰਦ ਦੀ ਚਾਦਰ ਨੂੰ ਲਾਹ ਕੇ ਸਿਆਲੀ ਧੁੱਪ ਦਾ ਅਹਿਸਾਸ ਕਰਾਉਂਦੇ ਹਨ। ਇੱਥੇ ਕੈਂਪਿੰਗ, ਟਰੈਕਿੰਗ ਅਤੇ ਫੋਟੋਗ੍ਰਾਫੀ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੈ। ਉੱਚੇ ਲੰਮੇ ਦੇਵਦਾਰ ਦੇ ਰੁੱਖ ਆਸਮਾਨ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ ਹਨ। ਸ਼ਾਂਤ ਮਾਹੌਲ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਕਦੇ ਨੇੜੇ ਤੇ ਕਦੇ ਦੂਰ ਹੋਣ ਦਾ ਭੁਲੇਖਾ ਪਾਉਂਦੀਆਂ ਹਨ। ਸਾਫ਼ ਸੁਥਰੀਆਂ ਸੜਕਾਂ ’ਤੇ ਡਰਾਈਵਿੰਗ ਕਰਨ ਅਤੇ ਪੈਦਲ ਘੁੰਮਣ ਦਾ ਵੱਖਰਾ ਹੀ ਲੁਤਫ਼ ਆਉਂਦਾ ਹੈ। ਦੋ ਕਿਲੋਮੀਟਰ ਦਾ ਪੈਦਲ ਜੰਗਲੀ ਰਸਤਾ ਪਾਰ ਕਰਕੇ ਪਹਾੜਾਂ ਵਿੱਚ ਘਿਰੀ ਹਰੇ ਕਚੂਰ ਘਾਹ ਦੀ ਤਪੋਵਨ ਘਾਟੀ ਰੂਹ ਨੂੰ ਸ਼ਰਸ਼ਾਰ ਕਰ ਦਿੰਦੀ ਹੈ।
ਧਨੌਲਟੀ ਤੋਂ ਅੱਠ ਕਿਲੋਮੀਟਰ ਦੂਰ ਕੱਦੂਖ਼ਾਲ ਪਹਾੜੀ ਦੇ ਉੱਪਰ 2757 ਮੀਟਰ ਦੀ ਉਚਾਈ ’ਤੇ ਮਸ਼ਹੂਰ ਸੁਰਕੰਡਾ ਦੇਵੀ ਮੰਦਿਰ ਹੈ। ਹੋਰ ਵੇਖਣਯੋਗ ਥਾਵਾਂ ਵਿੱਚ ਨਵਾਂ ਟੀਹਰੀ ਡੈਮ ਸ਼ੁਮਾਰ ਜੋ ਲਗਪਗ 1750 ਮੀਟਰ ਉੱਚਾ ਹੈ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਹਾਈਡਰੋ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਡੈਮ ਹਿਮਾਲਾ ਦੀਆਂ ਦੋ ਨਦੀਆਂ ਭਗੀਰਥੀ ਅਤੇ ਭਿਲਾਣਗੰਗਾ ਉੱਤੇ ਬਣਿਆ ਹੈ।
ਧਨੌਲਟੀ ਤੋਂ ਕਾਣਾਤਾਲ ਤੇ ਚੰਬਾ ਤੱਕ ਦਾ ਸਫ਼ਰ ਸੁਹਾਨਾ ਹੋ ਨਿੱਬੜਦਾ ਹੈ ਤੇ ਇਹ ਰਸਤਾ ਫਲ ਪੱਟੀ ਦੇ ਰੂਪ ’ਚ ਜਾਣਿਆ ਜਾਂਦਾ ਹੈ। ਪਹਾੜੀਆਂ ’ਚ ਪੌੜੀਆਂ ਵਰਗੇ ਨਿੱਕੇ ਨਿੱਕੇ ਖੇਤਾਂ ਵਿੱਚ ਬੀਜੀਆਂ ਸਬਜ਼ੀਆਂ ਤੇ ਫ਼ਲਾਂ ਦੀ ਮਹਿਕ ਮੰਤਰ ਮੁਗਧ ਕਰਦੀ ਹੈ। ਇੱਥੇ ਸੇਬ, ਆੜੂ, ਖ਼ੁਰਮਾਨੀ, ਅਖਰੋਟ, ਨਾਸ਼ਪਤੀ ਤੇ ਬਦਾਮ ਆਦਿ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇੱਥੋਂ ਦੇ ਆਲੂ ਤੇ ਮਟਰ ਬੜੇ ਸੁਆਦਲੇ ਹਨ। ਸਥਾਨਕ ਸਬਜ਼ੀਆਂ ਅਤੇ ਫਲਾਂ ਤੋਂ ਬਣੇ ਜੈਮ, ਚਟਨੀ ਅਤੇ ਜੂਸ ਦੁਕਾਨਾਂ ਤੋਂ ਮਿਲ ਜਾਂਦੇ ਨੇ। ਧਨੌਲਟੀ ਦੀ ਜਲਵਾਯੂ ਕਈ ਪੱਖਾਂ ਤੋਂ ਯੂਰਪ ਦੇ ਕਈ ਪਹਾੜੀ ਇਲਾਕਿਆਂ ਨੂੰ ਵੀ ਮਾਤ ਪਾਉਂਦੀ ਹੈ।
ਸੰਪਰਕ: 97815-00050