ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਜੂਨ
ਦਿੱਲੀ ਵਿੱਚ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ ਸਾਲ 2020 ਲਈ ਦੇਸ਼ ਦੇ ਸਭ ਤੋਂ ‘ਉੱਤਮ ਸਮਾਰਟ ਸਿਟੀ’ ਸ਼ਹਿਰਾਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਚੰਡੀਗੜ੍ਹ ’ਚ ਮਲਾਂ ਮਾਰੀਆਂ ਹਨ। ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ ਸ਼ੁੱਕਰਵਾਰ ਨੂੰ ਸਾਲ 2020 ਲਈ ਦੇਸ਼ ਦੀ ਸਭ ਤੋਂ ਉੱਤਮ ਸਮਾਰਟ ਸ਼ਹਿਰਾਂ ਲਈ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਚੰਡੀਗੜ੍ਹ ਨੂੰ ਦੇਸ਼ ਭਰ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ ਵਿੱਚ ਉੱਤਮ ‘ਸਮਾਰਟ ਸਿਟੀ’ ਘੋਸ਼ਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਦੀ ਵਿਰਾਸਤ ਕੈਪਿਟਲ ਕੰਪਲੈਕਸ ਨੂੰ ਸੰਜੋਣ ਲਈ ਵੀ ਚੰਡੀਗੜ੍ਹ ਸ਼ਹਿਰ ਨੂੰ ਇੰਦੌਰ ਦੇ ਨਾਲ ਪਹਿਲੇ ਸਥਾਨ ਲਈ ਚੁਣਿਆ ਗਿਆ ਹੈ। ਕੇਂਦਰੀ ਸ਼ਹਿਰ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਕੇਂਦਰ ਸਰਕਾਰ ਦੀ ਸਮਾਰਟ ਸਿਟੀ ਯੋਜਨਾ, ਅਟਲ ਮਿਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੀ ਸਮੀਖਿਆ ਕੀਤੀ ਅਤੇ ਅੱਜ ਇਹ ਨਤੀਜੇ ਘੋਸ਼ਿਤ ਕੀਤੇ। ਇਨ੍ਹਾਂ ਨਤੀਜਿਆਂ ਅਨੁਸਾਰ ਵੱਖ ਵੱਖ ਯੋਜਨਾਵਾਂ ਵਿੱਚ ਸਭ ਤੋਂ ਉੱਤਮ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ ਗਈ। ਦੇਸ਼ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੰਡੀਗੜ੍ਹ ਸ਼ਹਿਰ ਪਹਿਲੇ ਸਥਾਨ ’ਤੇ ਰਿਹਾ ਅਤੇ ਸ਼ਹਿਰ ਦੀ ਵਿਰਾਸਤ ਸੰਜੋਣ ਵਿੱਚ ਇੰਦੌਰ ਅਤੇ ਚੰਡੀਗੜ੍ਹ ਸ਼ਹਿਰ ਸਾਂਝੇ ਤੌਰ ਤੇ ਪਹਿਲੇ ਅਤੇ ਗਵਾਲੀਅਰ ਦੂਜੇ ਸਥਾਨ ਉੱਤੇ ਰਹੇ। ਚੰਡੀਗੜ੍ਹ ਦੇ ਕੈਪਿਟਲ ਕੰਪਲੈਕਸ ਨੂੰ ਸ਼ਹਿਰ ਦੀ ਵਿਰਾਸਤ ਸੰਜੋਣ ਦੀ ਸ਼੍ਰੇਣੀ ਲਈ ਚੁਣਿਆ ਗਿਆ। ਚੰਡੀਗੜ੍ਹ ਨੂੰ ਮਿਲੀ ਇਸ ਰੈਂਕਿੰਗ ਲਈ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਦੇ ਸੀਈਓ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਹ ਚੰਡੀਗੜ੍ਹ ਵਾਸੀਆਂ ਲਈ ਵੱਡੇ ਮਾਣ ਦੀ ਗੱਲ ਹੈ।