ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਦੀ ਅਦਾਲਤ ਨੂੰ ਗੁੰਮਰਾਹ ਕਰ ਕੇ ਝੂਠੇ ਬਿਆਨਾਂ ਦੇ ਆਧਾਰ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਐੱਲਓਸੀ ਜਾਰੀ ਕਰਵਾਉਣ ਵਾਲੇ ਸਰਨਾ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਖ਼ਿਲਾਫ਼ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ। ਸ੍ਰੀ ਕਾਹਲੋਂ ਨੇ ਦੱਸਿਆ ਕਿ ਭੁਪਿੰਦਰ ਸਿੰਘ ਵੱਲੋਂ ਅਦਾਲਤ ਵਿਚ ਝੂਠ ਬੋਲ ਕੇ ਅਦਾਲਤ ਨੁੰ ਗੁੰਮਰਾਹ ਕਰ ਕੇ ਐੱਲਓਸੀ ਜਾਰੀ ਕਰਨ ਦੇ ਸਾਰੇ ਮਾਮਲੇ ਦੀ ਜਾਣਕਾਰੀ ਡਾ. ਪੰਕਜ ਸ਼ਰਮਾ ਸੀਐੱਮਐੱਮਐੱਨਡੀ ਪਟਿਆਲਾ ਹਾਊਸ ਕੋਰਟ ਦੀ ਅਦਾਲਤ ਨੁੰ ਅੱਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਧਾਰਾ 340 ਤੇ 195 (1) ਸੀਆਰਪੀਸੀ ਤਹਿਤ ਭੁਪਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਉਸ ਤੋਂ 18 ਅਗਸਤ ਤੱਕ ਜਵਾਬ ਮੰਗਿਆ ਹੈ। ਅਦਾਲਤ ਨੇ ਇਸ ਸਾਰੇ ਮਾਮਲੇ ਦੀ ਸੁਣਵਾਈ ਕੀਤੀ ਤੇ ਭੁਪਿੰਦਰ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਟਿੱਪਣੀ ਕਰਦਿਆਂ ਸ੍ਰੀ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਆਪਣੀ ਹਾਰ ਯਕੀਨੀ ਵੇਖ ਕੇ ਸਾਡੇ ਵਿਰੋਧੀ ਕੋਝੀਆਂ ਹਰਕਤਾਂ ’ਤੇ ਉਤਰ ਆਏ ਹਨ। ਉਨ੍ਹਾਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਵੀ ਨਿੰਦਾ ਕੀਤੀ।