ਗਗਨਦੀਪ ਅਰੋੜਾ
ਲੁਧਿਆਣਾ, 9 ਫਰਵਰੀ
ਚੋਣ ਪ੍ਰਚਾਰ ਦੌਰਾਨ ਇੱਟਾਂ-ਪੱਥਰ ਵਰ੍ਹਾਉਣ, ਗੱਡੀਆਂ ਦੀ ਭੰਨਤੋੜ ਕਰਨ ਤੇ ਗੋਲੀ ਚਲਾਉਣ ਦੇ ਮਾਮਲੇ ’ਚ ਮੰਗਲਵਾਰ ਦੀ ਦੁਪਹਿਰ ਨੂੰ ਗ੍ਰਿਫ਼ਤਾਰ ਕੀਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਚੋਣ ਲੜ ਰਹੇ ਸਿਮਰਜੀਤ ਸਿੰਘ ਬੈਂਸ ਨੂੰ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਕਮਿਸ਼ਨਰੇਟ ਪੁਲੀਸ ਨੇ ਛੱਡ ਦਿੱਤਾ ਹੈ। ਪੁਲੀਸ ਨੇ ਬੈਂਸ ਨੂੰ ਕਰੀਬ ਨੌਂ ਘੰਟੇ ਹਿਰਾਸਤ ’ਚ ਰੱਖਿਆ। ਉਹ ਰਾਤ ਨੂੰ ਘਰ ਰਹੇ ਤੇ ਸਵੇਰ ਹੁੰਦੇ ਹੀ ਪੁਰਾਣੇ ਅੰਦਾਜ਼ ਵਿਚ ਘਰੋਂ ਨਿਕਲੇ। ਚੋਣ ਪ੍ਰਚਾਰ ਸ਼ੁਰੂ ਕਰਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਨਿਸ਼ਾਨਾ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ’ਤੇ ਵਿੰਨ੍ਹਿਆ। ਵਿਧਾਇਕ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਸੀ ਭਾਈਚਾਰਾ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਚੋਣਾਂ 10 ਦਿਨ ਬਾਅਦ ਖ਼ਤਮ ਹੋ ਜਾਣਗੀਆਂ ਪਰ ਭਾਈਚਾਰਾ ਸਦਾ ਲਈ ਰਹਿਣਾ ਹੈ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੁਲੀਸ ਨੇ ਝੂਠਾ ਕੇਸ ਦਰਜ ਕੀਤਾ ਸੀ। ਉਹ ਚੋਣ ਪ੍ਰਚਾਰ ਕਰ ਰਹੇ ਸਨ ਕਿ ਅਚਾਨਕ ਤੋਂ ਛੱਤ ਉੱਪਰੋਂ ਬੋਤਲਾਂ ਆਉਣ ਲੱਗੀਆਂ। ਉਨ੍ਹਾਂ ਦੱਸਿਆ ਗੋਲੀ ਚਲਾਉਣ ਦੀ ਵੀਡੀਓ ਗ਼ਲਤ ਹੈ। ਗੋਲੀ ਚੱਲਣ ਸਮੇਂ ਉਹ ਆਪਣੇ ਸਾਥੀਆਂ ਨੂੰ ਇਸ਼ਾਰਾ ਕਰ ਰਹੇ ਸਨ ਕਿ ਉਹ ਪਾਸੇ ਹੋ ਜਾਣ, ਪਰ ਦੋਸ਼ ਲਾਏ ਗਏ ਕਿ ਬੈਂਸ ਨੇ ਗੋਲੀ ਚਲਾਈ। ਵਿਰੋਧੀਆਂ ਵੱਲੋਂ ਦਿੱਤੀ ਵੀਡੀਓ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਦਿੱਤਾ। ਉਹ ਬਾਰ ਰੂਮ ’ਚ ਜਦੋਂ ਮੀਟਿੰਗ ਨੂੰ ਸੰਬੋਧਨ ਕਰਨ ਗਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਪੁੱਜ ਗਈ। ਉਹ ਜਾਂਚ ’ਚ ਸ਼ਾਮਲ ਹੋਣ ਗਏ ਸਨ। ਉਨ੍ਹਾਂ ਚੋਣ ਕਮਿਸ਼ਨ ਨੂੰ ਸਾਰੀ ਜਾਣਕਾਰੀ ਦਿੱਤੀ ਸੀ ਤੇ ਵੀਡੀਓ ਤੇ ਹੋਰ ਸਮੱਗਰੀ ਵੀ ਪੁੱਜਦੀ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਰ ਰਾਤ ਤੱਕ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਦੀ ਧਾਰਾ ’ਤੇ ਉਨ੍ਹਾਂ ਕਿਹਾ ਕਿ ਹੁਣ ਪੁਲੀਸ ਦੇਖੇਗੀ ਕਿ ਕੀ ਕਰਨਾ ਹੈ। ਬੈਂਸ ਨੇ ਕਿਹਾ ਕਿ ਇਸ ਅਜਿਹੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜੋ ਆਪਣੇ ਘਰਾਂ ’ਚ ਸਨ। ਅਜਿਹਾ ਕਰ ਕੇ ਵਿਰੋਧੀਆਂ ਨੇ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਪ੍ਰਚਾਰ ਗਤੀਵਿਧੀਆਂ ’ਤੇ ਪ੍ਰਸ਼ਾਸਨ ਰੱਖੇਗਾ ਨਜ਼ਰ
ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਟਮਾਰ ਅਤੇ ਚੋਣ ਕਮਿਸ਼ਨ ਦੇ ਦਖ਼ਲ ਮਗਰੋਂ ਕਾਂਗਰਸੀ ਅਤੇ ਬੈਂਸ ਦੋਵਾਂ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਗੱਲ ਆਖੀ ਹੈ। ਹੁਣ ਦੋਵਾਂ ਉਮੀਦਵਾਰਾਂ ਨਾਲ ਪ੍ਰਸ਼ਾਸਨ ਦੀ ਟੀਮ ਤਾਇਨਾਤ ਰਹੇਗੀ। ਇੱਕ ਕੈਮਰਾਮੈਨ ਉਮੀਦਵਾਰ ਦੇ ਪ੍ਰਚਾਰ ਦੀਆਂ ਗਤੀਵਿਧੀਆਂ ਰਿਕਾਰਡ ਕਰੇਗਾ।