ਪੱਤਰ ਪ੍ਰੇਰਕ
ਖਰੜ, 25 ਜੂਨ
ਮੰਗਾਂ ਦੇ ਸਬੰਧ ਵਿਚ ਅੱਜ ਕਿੰਨਰਾਂ ਵਲੋਂ ਖਰੜ ਬੱਸ ਸਟੈਂਡ ਉਤੇ ਮੁੱਖ ਸੜਕ ਉਤੇ ਧਰਨਾ ਦਿੱਤਾ ਗਿਆ ਅਤੇ ਟਰੈਫਿਕ ਜਾਮ ਕਰ ਦਿੱਤਾ ਗਿਆ। ਇਸ ਮੌਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿੰਨਰਾਂ ਦਾ ਕਹਿਣਾ ਸੀ ਕਿ ਪੁਲੀਸ ਵਲੋਂ ਉਨ੍ਹਾਂ ਦੀ ਇੱਕ ਸਾਥਣ ਮਹੰਤ ਪੂਜਾ ਉਤੇ ਝੂਠੇ ਕੇਸ ਦਰਜ ਕੀਤੇ ਹੋਏ ਹਨ।
ਉਨ੍ਹਾਂ ਇੱਕ ਹੋਰ ਕਿੰਨਰ ਉਤੇ ਵੀ ਗੰਭੀਰ ਦੋਸ਼ ਲਗਾਏ ਕਿ ਉਸਦੇ ਚੇਲੇ ਹਰ ਰੋਜ਼ ਉਨ੍ਹਾਂ ਦੇ ਇਲਾਕੇ ਵਿਚ ਘੁਸਪੈਠ ਕਰਦੇ ਹਨ ਅਤੇ ਲੜਾਈ ਝਗੜਾ ਵੀ ਕਰਦੇ ਹਨ ਪਰ ਪੁਲੀਸ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੌਕੇ ਉਹ ਸੜਕ ਉਤੇ ਲੰਮੇ ਪੈ ਗਏ ਅਤੇ ਕਾਫੀ ਸਮੇਂ ਤੱਕ ਸੜਕ ਜਾਮ ਕਰ ਦਿੱਤੀ। ਇਸੇ ਦੌਰਾਨ ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਅਸ਼ੋਕ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਕਿੰਨਰਾਂ ਨੂੰ ਅਮਨ ਅਤੇ ਕਾਨੂੰਨ ਭੰਗ ਕਰਨ ਦੇ ਦੋਸ਼ ਅਧੀਨ ਹਿਰਾਸਤ ਵਿਚ ਲੈ ਲਿਆ। ਐਸ ਐਚ ਓ ਅਸ਼ੋਕ ਕੁਮਾਰ ਨੇ ਕਿਹਾ ਕਿ ਕਿੰਨਰਾਂ ਦੇ ਦੋ ਗਰੁੱਪਾਂ ਵਿਚ ਖੇਤਰ ਨੂੰ ਲੈ ਕੇ ਝਗੜਾ ਹੈ। ਪੁਲੀਸ ਵਲੋਂ ਸਮੇਂ-ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਅੱਜ ਇਨ੍ਹਾਂ ਨੇ ਜਾਮ ਲਗਾ ਦਿੱਤਾ।