ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਫਰਵਰੀ
ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫ਼ਦ ਨੇ ਪਾਕਿਸਤਾਨ ਹਾਈ ਕਮਿਸ਼ਨ ਅਫ਼ਤਾਬ ਹਸਨ ਖਾਨ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਮਸਲੇ ਚੁੱਕੇ।
ਇਸ ਦੌਰਾਨ ਸ੍ਰੀ ਕਾਲਕਾ ਨੇ ਦੱਸਿਆ ਕਿ ਦੁਨੀਆਂ ਭਰ ਦੇ ਸਿੱਖਾਂ ਦੇ ਵਿਚ ਰੋਸ ਹੈ ਕਿ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ ਬੀਤੇ ਦਿਨੀਂ ਪਾਕਿਸਤਾਨ ਦੀ ਲੋਕਲ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਹੈ ਜੋ ਕਿ ਮੰਦਭਾਗੀ ਘਟਨਾ ਹੈ। ਵਫ਼ਦ ਨੇ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹਰੀ ਸਿੰਘ ਨਲਵਾ ਦਾ ਬੁੱਤ ਉਸੇ ਥਾਂ ’ਤੇ ਸਥਾਪਿਤ ਕੀਤਾ ਜਾਵੇ। ਅੱਗੇ ਲਈ ਸਿੱਖ ਵਿਰਾਸਤਾਂ ਜੋ ਕਿ ਪਾਕਿਸਤਾਨ ਵਿਚ ਹਨ, ਉਨ੍ਹਾਂ ਦੀ ਹਿਫ਼ਾਜ਼ਤ ਕੀਤੀ ਜਾਵੇ। ਸ੍ਰੀ ਕਾਹਲੋਂ ਨੇ ਦੱਸਿਆ ਕਿ ਇਹ ਵੀ ਮੰਗ ਕੀਤੀ ਗਈ ਹੈ ਕਿ ਜਰਨੈਲ ਹਰੀ ਸਿੰਘ ਨਲਵਾ ਦੀ ਪੁਰਾਤਨ ਹਵੇਲੀ ਜੋ ਕਿ ਪਾਕਿਸਤਾਨ ਵਿਚ ਹੈ, ਉਸ ਦੀ ਵੀ ਹਾਲਤ ਬਹੁਤ ਮਾੜੀ ਹੈ। ਉਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਸਿੱਖ ਕੌਮ ਦੀ ਇਸ ਵਿਰਾਸਤ ਨੂੰ ਸੰਭਾਲਿਆ ਜਾਵੇ।
ਪਾਕਿਸਤਾਨ ਹਾਈ ਕਮਿਸ਼ਨ ਨੂੰ ਇਕ ਹੋਰ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿਚ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਰਤਾਰਪੁਰ ਲਾਂਘੇ ਦੀ 20 ਡਾਲਰ ਦੀ ਫੀਸ ਨੂੰ ਘਟਾ ਕੇ 10 ਡਾਲਰ ਕਰੇ ਤਾਂ ਕਿ ਦੇਸ਼ ਦੇ ਦੂਰ ਦੁਰਾਡੇ ਥਾਵਾਂ ਤੋਂ ਗ਼ਰੀਬ ਪਰਿਵਾਰ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਪਾਕਿਸਤਾਨ ਹਾਈ ਕਮਿਸ਼ਨ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲੇ ਪਾਕਿਸਤਾਨ ਸਰਕਾਰ ਦੇ ਧਿਆਨ ਵਿਚ ਲਿਆਉਣ ਤੇ ਯੋਗ ਕਾਰਵਾਈ ਕਰਵਾਉਣਗੇ।