ਪੱਤਰ ਪ੍ਰੇਰਕ
ਲਹਿਰਾਗਾਗਾ, 19 ਸਤੰਬਰ
ਇਥੇ ਸੁਨਾਮ- ਜਾਖਲ ਸੜਕ ’ਤੇ ਲੋਕ ਚੇਤਨਾ ਮੰਚ ਅਤੇ ਉਸਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ 17ਵੇਂ ਹਫ਼ਤਾਵਾਰੀ ਪ੍ਰਦਰਸ਼ਨ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਤਖ਼ਤੀਆਂ, ਬੈਨਰ ਤੇ ਮਾਟੋ ਹੱਥਾਂ ਵਿੱਚ ਫੜ ਕੇ ਨਾਅਰੇਬਾਜ਼ੀ ਅਤੇ ਵਿੱਚ-ਵਿਚਕਾਰ ਸਪੀਕਰ ਤੋਂ ਕਿਸਾਨਾਂ ਦੇ ਸੰਘਰਸ਼ ਪੱਖੀ ਗੀਤ ਗੂੰਜਦੇ ਰਹੇ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਡੀਟੀਐੱਫ ਦੇ ਮਾਸਟਰ ਹਰਭਗਵਾਨ ਗੁਰਨੇ, ਜਮਹੂਰੀ ਅਧਿਕਾਰ ਸਭਾ ਦੇ ਜਲ੍ਹਿਾ ਪ੍ਰਧਾਨ ਨਾਮਦੇਵ ਭੁਟਾਲ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪੂਰਨ ਸਿੰਘ ਖਾਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਪਿਆਰ ਸਿੰਘ, ਫੀਲਡ ਵਰਕਰਜ਼ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ ਤੇ ਪ੍ਰਗਟ ਸਿੰਘ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਿੰਸੀਪਲ ਪਿਆਰਾ ਲਾਲ ਤੇ ਗੁਰਚਰਨ ਕੈਸ਼ੀਅਰ, ਸਫ਼ਾਈ ਮਜਦੂਰ ਯੂਨੀਅਨ ਦੇ ਸੁਰੇਸ਼ ਕੁਮਾਰ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਸਵਿੰਦਰ ਗਾਗਾ, ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ, ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ ਨੇ ਕਿਹਾ ਕਿ ਭਾਰਤ ਬੰਦ ਨੂੰ ਸਫਲ ਕਰਨ ਲਈ 25 ਸਤੰਬਰ ਦੀ ਸ਼ਾਮ ਨੂੰ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ।
ਵੈੱਲਫ਼ੇਅਰ ਸੁਸਾਇਟੀ ਵੱਲੋਂ ਭਾਰਤ ਬੰਦ ਦੀ ਹਮਾਇਤ
ਲਹਿਰਾਗਾਗਾ: ਇਥੇ ਅੱਜ ਸ਼ਹਿਰੀ ਅਤੇ ਪੇਂਡੂ ਵੈੱਲਫ਼ੇਅਰ ਸੁਸਾਇਟੀ ਲਹਿਰਾਗਾਗਾ ਦੀ ਭਰਵੀਂ ਮੀਟਿੰਗ ਪ੍ਰਧਾਨ ਦੀਪਕ ਜੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੁਸਾਇਟੀ ਦੇ ਸਕੱਤਰ ਗੁਰਨਾਮ ਸਿੰਘ ਲਦਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਵਾਪਿਸ ਕਰਾਉਣ ਲਈ ਜੋ ਸੰਘਰਸ਼ ਚਲ ਰਿਹਾ ਹੈ ਉਸਦੀ ਸੁਸਾਇਟੀ ਪੂਰੀ ਹਮਾਇਤ ਕਰਦੀ ਆ ਰਹੀ ਹੈ ਅੱਜ ਦੀ ਇਸ ਮੀਟਿੰਗ ਵਿਚ ਇਸ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸੁੱਤੀ ਹੋਈ ਭਾਜਪਾ ਸਰਕਾਰ ਨੂੰ ਜਗਾਉਣ ਲਈ 27 ਸਤੰਬਰ ਨੂੰ ਜੋ ਭਾਰਤ ਬੰਦ ਦੀ ਪੂਰੀ ਹਮਾਇਤ ਕਰਨ ਅਤੇ ਕਿਸਾਨਾਂ ਦੇ ਇਸ ਦਿਨ ਹੋਣ ਵਾਲੇ ਪ੍ਰੋਗਰਾਮ ਵਿੱਚ ਲੋਕਾਂ ਨੂੰ ਵਧ ਚੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ।