ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ 46 ਲੱਖ ਰੁਪਏ ਦੇ ਖਰਚ ਨਾਲ ਮੌਲੀ ਜੱਗਰਾਂ ਦੇ ਵਿਕਾਸ ਨਗਰ ਇਲਾਕੇ ਦੀਆਂ ਮੁੱਖ ਸੜਕਾਂ ਦੀ ਰੀਕਾਰਪੇਂਟਿੰਗ ਕਰਵਾਈ ਜਾਏਗੀ। ਨਿਗਮ ਦੀ ਵਿੱਤੀ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ’ਚ ਇਸ ਲਈ ਅਨੁਮਾਨਤ ਖਰਚੇ ਨੂੰ ਹਰੀ ਝੰਡੀ ਦਿੱਤੀ ਗਈ। ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਦੇ ਪ੍ਰਧਾਨਗੀ ਹੇਠ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਨਗਰ ਨਿਗਮ ਵੱਲੋਂ ਇਥੇ ਸੈਕਟਰ 17 ਸਥਿਤ ਨਵੇਂ ਓਵਰ ਬ੍ਰਿਜ ਬਿਲਡਿੰਗ ਦੀ ਦੂਜੀ ਅਤੇ ਤੀਜੀ ਮੰਜ਼ਲ ’ਤੇ ਦਫਤਰ ਦੇ ਨਵੀਨੀਕਰਨ ਲਈ 47.17 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਪਿੰਡ ਪਲਸੌਰਾ ਫਿਰਨੀ ਸੜਕ ’ਤੇ ਪੇਵਰ ਬਲਾਕ ਲਗਾਉਣ ਲਈ 43.11 ਲੱਖ ਦਾ ਸੋਧਿਆ ਹੋਇਆ ਅਨੁਮਾਨਤ ਖਰਚ ਪਾਸ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਇਥੋਂ ਦੇ ਸੈਕਟਰ 39 ਅਤੇ 40 ਦੇ ਵੱਖ ਵੱਖ ਪਾਰਕਾਂ ਵਿੱਚ ਮੌਜੂਦਾ ਰੇਲਿੰਗ ਦੇ ਹੇਠਾਂ ਟੋਅ-ਵਾਲ ਦੇ ਨਿਰਮਾਣ ਲਈ ਵੀ 29 ਲੱਖ 46 ਹਜ਼ਾਰ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਚੰਡੀਗੜ੍ਹ ਨਗਰ ਨਿਗਮ ਦੀ ਹੱਦ ਦੇ ਅੰਦਰ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਲਈ ਠੇਕੇਦਾਰ ਦਾ ਕਾਰਜਕਾਲ 30 ਜੂਨ ਤੱਕ ਵਧਾਉਂਦਿਆਂ ਐਲ-1 ਫਰਮ ਨੂੰ ਅਗਲੇ ਮਹੀਨੇ 1 ਜੁਲਾਈ ਤੋਂ ਨਵਾਂ ਠੇਕਾ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ। ਨਗਰ ਨਿਗਮ ਦੇ ਬਿਲਡਿੰਗ ‘ਤੇ ਰੋਡ ਡਿਵੀਜ਼ਨ ਦੇ ਚਾਰ ਕੰਡਮ ਵਾਹਨਾਂ ਦੀ ਨਿਲਾਮੀ ਨੂੰ ਵੀ ਹਰੀ ਝੰਡੀ ਦੇ ਦਿੱਤੀ।