ਗੁਰਬਖਸ਼ਪੁਰੀ
ਤਰਨ ਤਾਰਨ, 13 ਜੁਲਾਈ
ਇੱਥੋਂ ਦੇ ਇਤਿਹਾਸਕ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਦੀਆਂ ਗੋਲਕਾਂ ਦੀ ਤੋੜ-ਭੰਨ ਅਤੇ ਮੰਦਿਰ ਦੀਆਂ ਪਵਿੱਤਰ ਮੂਰਤੀਆਂ ਦੀ ਬੇਅਦਬੀ ਕਰਨ ਦੇ ਦੋਸ਼ ਅਧੀਨ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਸ਼ਿਵ ਸੇਨਾ (ਬਾਲ ਠਾਕਰੇ) ਦੇ ਸੂਬਾ ਆਗੂ ਅਸ਼ਵਨੀ ਕੁਮਾਰ ਕੁੱਕੂ ਸਮੇਤ ਕੁੱਲ 17 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਠਾਕਰ ਦੁਆਰਾ ਮਦਨ ਮੋਹਨ ਮੰਦਿਰ ਸਮੇਤ ਸ਼ਹਿਰ ਦੇ ਹੋਰ ਇਤਿਹਾਸਕ ਮੰਦਿਰਾਂ ਦੀ ਸੰਭਾਲ ਦਾ ਕਾਰਜ ਕਰਦੀ ਜਥੇਬੰਦੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਨੇ ਥਾਣਾ ਸਿਟੀ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਕੱਲ੍ਹ ਅਸ਼ਵਨੀ ਸ਼ਰਮਾ ਹੋਰ ਸਾਥੀਆਂ ਨੂੰ ਨਾਲ ਲੈ ਕੇ ਮੰਦਰ ਅੰਦਰ ਜਬਰਦਸਤੀ ਦਾਖ਼ਲ ਹੋ ਗਏ ਅਤੇ ਉਨ੍ਹਾਂ ਮੰਦਰ ਦੀਆਂ ਗੋਲਕਾਂ ਦੇ ਤਾਲੇ ਤੋੜ ਦਿੱਤੇ ਅਤੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਆਦਿ ਵੀ ਕੱਟ ਦਿੱਤੀਆਂ| ਉਨ੍ਹਾਂ ਦੋਸ਼ ਲਾਇਆ ਕਿ ਅਸ਼ਵਨੀ ਕੁਮਾਰ ਕੁੱਕੂ ਨੇ ਮੰਦਿਰ ਦੀ ਇੱਕ ਪਵਿੱਤਰ ਮੂਰਤੀ ਸਾਹਮਣੇ ਪਿਸ਼ਾਬ ਤੱਕ ਵੀ ਕੀਤਾ ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ|
ਇਸ ਮਾਮਲੇ ਸਬੰਧੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਦੀ ਅਗਵਾਈ ਹੇਠ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਚੌਕ ਬੋਹੜੀ ਵਿੱਚ ਦਿਨ ਭਰ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਨੇ ਮੰਦਿਰ ਦੀਆਂ ਗੋਲਕਾਂ ਦੀ ਤੋੜ-ਭੰਨ ਕਰਨ ਅਤੇ ਪਵਿੱਤਰ ਮੂਰਤੀਆਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ| ਧਰਨਾ ਦੇਣ ਨਾਲ ਸ਼ਹਿਰ ਅੰਦਰ ਆਵਾਜਾਈ ਵਿੱਚ ਵਿਘਨ ਸੀ| ਥਾਣਾ ਮੁਖੀ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਧਾਰਾ 295, 427, 149 ਅਤੇ 160 ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਵੱਲੋਂ ਅਸ਼ਵਨੀ ਕੁਮਾਰ ਕੁੱਕੂ ਤੋਂ ਇਲਾਵਾ ਹੋਰ ਨਾਮਜ਼ਦ ਮੁਲਜ਼ਮਾਂ ਵਿੱਚ ਕੁੱਕੂ ਦੇ ਲੜਕੇ ਰੋਹਿਤ ਕੁਮਾਰ ਤੋਂ ਇਲਾਵਾ ਅਸ਼ੋਕ ਅਗਰਵਾਲ, ਕੁਲਦੀਪ ਸਿੰਘ, ਸੁਭਾਸ਼ ਤੇਜਪਾਲ, ਅਵਨਜੀਤ ਬੇਦੀ, ਮਨੋਜ ਅਗਨੀਹੋਤਰੀ, ਗਗਨ ਅਫਰੀਦੀ, ਦੀਪਕ ਕੁਮਾਰ ਸੂਦ ਅਤੇ ਅਭਿਨੰਦਨ ਗੁਪਤਾ ਦੀ ਸ਼ਨਾਖਤ ਕਰ ਲਈ ਗਈ ਹੈ ਜਦਕਿ ਸੱਤ ਹੋਰਾਂ ਦੀ ਜਾਣਕਾਰੀ ਇਕੱਤਰ ਕੀਤੀ ਜਾਣੀ ਹੈ| ਦੱਸਣਯੋਗ ਹੈ ਕਿ ਦੋਵਾਂ ਧਿਰਾਂ ਦਰਮਿਆਨ ਸ਼ਹਿਰ ਦੇ ਇਤਿਹਾਸਕ ਮੰਦਰਾਂ ’ਤੇ ਕਬਜ਼ੇ ਲਈ ਲੰਮੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ|