ਮੁੰਬਈ, 24 ਅਪਰੈਲ
ਅਮਰਾਵਤੀ ਦੇ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਦੋਵਾਂ ਆਗੂਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਪੁਲੀਸ ਵੱਲੋਂ ਪੁਲੀਸ ਹਿਰਾਸਤ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਦੌਰਾਨ ਐਤਵਾਰ ਨੂੰ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਵਿਰੁੱਧ ਦਰਜ ਐੱਫਆਈਆਰ ਵਿੱਚ ‘‘ਸਰਕਾਰੀ ਅਧਿਕਾਰੀ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਲਈ ਅਪਰਾਧਿਕ ਤਾਕਤ ਦੀ ਵਰਤੋਂ’’ ਨਾਲ ਸਬੰਧਤ ਧਾਰਾ 353 ਸ਼ਾਮਲ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਮੁੰਬਈ ਪੁਲੀਸ ਨੇ ਦਰਜ ਕੀਤੀ ਐੱਫਆਈਆਰ ਵਿੱਚ ‘‘ਲੋਕ ਸੇਵਕ ਦੇ ਕੰਮ ਵਿੱਚ ਰੁਕਾਵਟ ਪਾਉਣ ਲਈ ਅਪਰਾਧਿਕ ਸ਼ਕਤੀ ਦੀ ਵਰਤੋਂ’’ ਨਾਲ ਸਬੰਧਤ ਧਾਰਾ 353 ਵੀ ਸ਼ਾਮਲ ਕੀਤੀ ਹੈ। ਦੱਸ ਦੇਈਏ ਕਿ ਪੁਲੀਸ ਵੱਲੋਂ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਦੇਸ਼ ਧ੍ਰੋਹ ਦੀ ਧਾਰਾ 124ਏ ਵੀ ਲਗਾਈ ਗਈ ਹੈ। ਖਾਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋੜੇ ਨੂੰ ਰਾਤ ਨੂੰ ਸਾਂਤਾਕਰੂਜ਼ ਥਾਣਾ ਜੇਲ੍ਹ ਵਿੱਚ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਰਾਣਾ ਜੋੜੇ ਖ਼ਿਲਾਫ਼ ਧਾਰਾ 153ਏ (ਧਰਮ, ਭਾਸ਼ਾ ਆਦਿ ਦੇ ਨਾਂ ’ਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਪੈਦਾ ਕਰਨਾ) ਅਤੇ ਮੁੰਬਈ ਪੁਲੀਸ ਐਕਟ ਦੀ ਧਾਰਾ 135 (ਪੁਲੀਸ ਵੱਲੋਂ ਲਾਗੂ ਕੀਤੇ ਗਏ ਮਨਾਹੀ ਹੁਕਮਾਂ ਦੀ ਉਲੰਘਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਰਾਣਾ ਜੋੜੇ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਖਾਰ ਪੁਲੀਸ ਨੇ ਸ਼ਿਵ ਸੈਨਾ ਵਰਕਰਾਂ ਖ਼ਿਲਾਫ਼ ਵੀ ਐੱਫਆਈਆਰ ਦਰਜ ਕੀਤੀ ਹੈ। -ਏਜੰਸੀਆਂ