ਨੋਇਡਾ, 9 ਫਰਵਰੀ
ਪੱਛਮੀ ਉੱਤਰ ਪ੍ਰਦੇਸ਼ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਵਿਧਾਇਕ ਸਹੇਂਦਰ ਰਮਾਲਾ ਦੇ ਹਮਾਇਤੀਆਂ ’ਤੇ ਪ੍ਰਚਾਰ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਉਪਰ ਗੋਹਾ ਸੁੱਟਿਆ ਗਿਆ। ਪੁਲੀਸ ਨੇ ਕਿਹਾ ਕਿ ਇਹ ਘਟਨਾ ਬਾਗਪਤ ਜ਼ਿਲ੍ਹੇ ਦੇ ਛਪਰੌਲੀ ਇਲਾਕੇ ’ਚ ਮੰਗਲਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਵਾਪਰੀ। ਬਾਗਪਤ ਦੇ ਐੱਸਪੀ ਨੀਰਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੇ ਵੀਡੀਓ ਦਾ ਨੋਟਿਸ ਲਿਆ ਗਿਆ ਹੈ। ਵੀਡੀਓ ਕਲਿੱਪਾਂ ’ਚ ਨਜ਼ਰ ਆ ਰਿਹਾ ਹੈ ਕਿ ਕਾਰ ਸਵਾਰ ਵਿਧਾਇਕ ਦੇ ਹਮਾਇਤੀਆਂ ’ਤੇ ਗੋਬਰ ਸੁੱਟਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਜਿਥੇ ਵੀਰਵਾਰ ਨੂੰ ਵੋਟਾਂ ਪੈਣੀਆਂ ਹਨ। -ਪੀਟੀਆਈ