ਪੱਤਰ ਪ੍ਰੇਰਕ
ਫਗਵਾੜਾ, 27 ਅਗਸਤ
ਅੱਜ ਸਵੇਰੇ ਫਗਵਾੜਾ-ਗੁਰਾਇਆ ਸੜਕ ’ਤੇ ਪਿੰਡ ਵਿਰਕਾਂ ਮੋੜ ਨਜ਼ਦੀਕ ਜੀ.ਟੀ.ਰੋਡ ’ਤੇ ਬੱਜਰੀ ਦੇ ਖੜ੍ਹੇ ਟਰੱਕ ’ਚ ਮਗਰੋਂ ਇੱਕ ਟਰੱਕ ਵੱਜਣ ਕਾਰਨ ਮਗਰਲੇ ਟਰੱਕ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਸੀਆਰ ਇੰਚਾਰਜ ਸ਼ੁਮਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਇੱਕ ਬਜਰੀ ਦਾ ਭਰਿਆ ਟਰੱਕ ਜੋ ਪਹਿਲਾਂ ਤੋਂ ਜੀ.ਟੀ.ਰੋਡ ਸੜਕ ’ਤੇ ਢਾਬੇ ਅੱਗੇ ਖੜ੍ਹਾ ਸੀ ਕਿਉਂਕਿ ਉਸਦਾ ਟਾਇਰ ਪੈਂਚਰ ਸੀ। ਇੰਨੇ ਨੂੰ ਪਿੱਛੋਂ ਆ ਰਹੇ ਰੇਤੇ ਨਾਲ ਭਰੇ ਟਰੱਕ ਦੇ ਡਰਾਈਵਰ ਨੇ ਸੋਚਿਆ ਕਿ ਅੱਗੇ ਟਰੱਕ ਜਾ ਰਿਹਾ ਹੈ ਜਿਸ ਦਾ ਭੁਲੇਖਾ ਪੈਣ ਕਾਰਨ ਇਹ ਟਰੱਕ ਨਾਲ ਟਕਰਾ ਗਿਆ। ਹਾਦਸਾ ਇਨਾ ਖਤਰਕਾਰ ਸੀ ਕਿ ਖੜ੍ਹੇ ਟਰੱਕ ਨੂੰ ਪਿਛਲਾ ਟਰੱਕ 30-40 ਫੁੱਟ ਅਗਾਂਹ ਨੂੰ ਲੈ ਗਿਆ ਅਤੇ ਡਰਾਈਵਰ ਕੈਬਿਨ ’ਚ ਬੁਰੀ ਤਰ੍ਹਾਂ ਫ਼ਸ ਗਿਆ ਜਿਸ ਨੂੰ ਕਰੀਬ ਅੱਧੇ ਘੰਟੇ ਤੱਕ ਬਾਹਰ ਕੱਢਣ ਲਈ ਜੱਦੋਂ ਜਹਿਦ ਕਰਨੀ ਪਈ। ਪੁਲੀਸ ਨੇ ਹੋਰ ਟਰੱਕਾਂ ਦੀ ਮੱਦਦ ਨਾਲ ਇਨ੍ਹਾਂ ਨੂੰ ਅਲੱਗ ਕੀਤਾ ਤੇ ਡਰਾਈਵਰ ਨੂੰ ਬਾਹਰ ਕੱਢਿਆ। ਜ਼ਖ਼ਮੀ ਟਰੱਕ ਡਰਾਈਵਰ ਦੀਆਂ ਲੱਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਉਣ ਮਗਰੋਂ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਟਰੱਕ ਡਰਾਈਵਰ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਇੰਦਰੋਹਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਇੰਡਸਟਰੀ ਏਰੀਆ ਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਤੇ ਬਿਆਨ ਲੈਣ ਮਗਰੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਟਰਾਲੀ ਤੇ ਕੰਧ ਦੀ ਲਪੇਟ ’ਚ ਆਉਣ ਨਾਲ ਹੋਮਗਾਰਡ ਦੀ ਮੌਤ
ਪੱਟੀ (ਪੱਤਰ ਪ੍ਰੇਰਕ) ਬੀਤੀ ਦੇਰ ਸ਼ਾਮ ਪੁਲੀਸ ਥਾਣਾ ਸਦਰ ਪੱਟੀ ’ਚ ਤਇਨਾਤ ਇੱਕ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਕਰਮਜੀਤ ਸਿੰਘ ਵਾਸੀ ਬਾਠ ਰੋਡ ਤਰਨ ਤਾਰਨ ਦੀ ਪੁਲੀਸ ਥਾਣੇ ’ਚ ਵਾਪਰੇ ਹਾਦਸੇ ’ਚ ਮੌਤ ਹੋ ਗਈ। ਉਹ ਪੰਜਾਬ ਹੋਮਗਾਰਡ ਦੀ 20 ਬਟਾਲੀਅਨ ਨਾਲ ਸਬੰਧਤ ਸੀ। ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਰੇਤ ਦੀ ਭਰੀ ਟਰਾਲੀ ਨੂੰ ਕਬਜ਼ੇ ’ਚ ਲੈ ਕੇ ਥਾਣੇ ਅੱਗੇ ਸੜਕ ਕਿਨਾਰੇ ਖੜ੍ਹਾ ਕੀਤਾ ਗਿਆ ਸੀ। ਜਿਸ ਨੂੰ ਦੇਰ ਸ਼ਾਮ ਸੜਕ ਤੋਂ ਹਟਾਉਣ ਲਈ ਦੂਸਰੇ ਪਾਸੇ ਖਾਲੀ ਜਗ੍ਹਾਂ ’ਤੇ ਲਗਾਇਆ ਜਾ ਰਿਹਾ ਸੀ ਤਾਂ ਕਰਮਜੀਤ ਸਿੰਘ ਦੀ ਟੈਰਕਟਰ ਟਰਾਲੀ ਤੇ ਕੰਧ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਪੁਲੀਸ ਵੱਲੋਂ ਇਸ ਹਾਦਸੇ ਦੇ ਸਬੰਧ ਵਿੱਚ 174 ਦੀ ਕਾਰਵਾਈ ਕੀਤੀ ਹੈ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਜ਼ਖ਼ਮੀ
ਫਗਵਾੜਾ (ਪੱਤਰ ਪ੍ਰੇਰਕ) ਪਲਾਹੀ ਰੋਡ ਚੌਕ ਵਿੱਚ ਇੱਕ ਕਾਰ ’ਚ ਤੇਜ਼ ਰਫ਼ਤਾਰ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਸ਼ੇਰ ਅਲੀ ਪੁੱਤਰ ਕੁਰਾੜੀ ਵਾਸੀ ਪਿੰਡ ਖੋਥੜਾ ਵਜੋਂ ਹੋਈ ਹੈ। ਕਾਰ ਚਾਲਕ ਸੰਦੀਪ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਜਲਾਲਬਾਦ ਤੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਮੋਟਰਸਾਈਕਲ ਉਨ੍ਹਾਂ ਦੀ ਕਾਰ ’ਚ ਆਣ ਵੱਜਾ ਜਿਸ ਕਾਰਨ ਨੌਜਵਾਨ ਦੇ ਸੱਟਾਂ ਵੀ ਲੱਗੀਆਂ ਤੇ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ। ਜ਼ਖ਼ਮੀ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਿਊਟੀ ’ਤੇ ਤਾਇਨਾਤ ਡਾ. ਰਜੇਸ਼ ਚੰਦਰ ਨੇ ਦੱਸਿਆ ਕਿ ਜ਼ਖ਼ਮੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।