ਜੋਗਿੰਦਰ ਸਿੰਘ ਮਾਨ
ਮਾਨਸਾ, 8 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲੇ ਲਿਆਉਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਲਿਫਟਿੰਗ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਹੁਣ ਲਿਫਟਿੰਗ ਵਾਲੀਆਂ ਮੰਡੀਆਂ ਵਿਚ ਤਾਇਨਾਤ ਅਧਿਕਾਰੀਆਂ ਦੀ ਖਿਚਾਈ ਕਰਨੀ ਆਰੰਭ ਕਰ ਦਿੱਤੀ ਹੈ,ਪਰ ਇਸ ਦੇ ਬਾਵਜੂਦ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅਜੇ ਵੀ ਅੰਬਾਰ ਲੱਗੇ ਪਏ ਹਨ। ਖਰੀਦ ਅਧਿਕਾਰੀਆਂ ਦੀ ਸੁਸਤੀ ਕਾਰਨ ਮੰਡੀਆਂ ਨੱਕੋ-ਨੱਕ ਭਰੀਆਂ ਪਈਆਂ ਹਨ, ਜਿਸ ਕਾਰਨ ਮੰਡੀਆਂ ਵਿੱਚ ਵਿਕਣ ਲਈ ਆ ਰਹੇ ਨਵੇਂ ਝੋਨੇ ਨੂੰ ਢੇਰੀ ਕਰਨ ਲਈ ਥਾਂ ਦੀ ਸਮੱਸਿਆ ਖੜ੍ਹੀ ਹੋਣ ਲੱਗੀ ਹੈ। ਉਧਰ ਝੋਨੇ ਦੀ ਸਮੇਂ ਸਿਰ ਮੰਡੀਆਂ ਵਿੱਚੋਂ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੀਆਂ ਖਰੀਦ ਮੰਡੀਆਂ ਵਿਚ ਬੋਲੀ ਲੱਗਣ ਉਪਰੰਤ ਵੀ ਕਈ-ਕਈ ਦਿਨ ਕਿਸਾਨਾਂ ਦਾ ਝੋਨਾ ਮੰਡੀ ਵਿੱਚੋਂ ਚੁੱਕਿਆ ਨਹੀਂ ਜਾ ਰਿਹਾ ਹੈ,ਜਿਸ ਕਰਕੇ ਉਨ੍ਹਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਮੰਡੀਆਂ ਵਿਚ ਕਈ-ਕਈ ਦਿਨਾਂ ਤੋਂ ਰੁਲ ਰਹੇ ਕਿਸਾਨਾਂ ਨੇ ਦੱਸਿਆ ਕਿ ਲਿਫਟਿੰਗ ਵਿਚ ਦੇਰੀ ਕਾਰਨ, ਉਨ੍ਹਾਂ ਦਾ ਕਣਕ ਬਿਜਾਈ ਦਾ ਕੀਮਤੀ ਸਮਾਂ ਨਸ਼ਟ ਹੋ ਰਿਹਾ ਹੈ, ਕਿਉਂਕਿ ਮੰਡੀਆਂ ਵਿਚ ਬੈਠੇ ਹੋਣ ਕਰਕੇ ਉਹ ਕਣਕ ਦੀ ਬਿਜਾਈ ਲਈ ਖੇਤਾਂ ਦੀ ਵਾਹੀ ਕਰਨ ਤੋਂ ਅਸਮਰੱਥ ਹਨ। ਪਿੰਡ ਮੂਸਾ, ਬੁਰਜ ਹਰੀ,ਤਾਮਕੋਟ,ਰੱਲਾ,ਭੁਪਾਲ, ਅਤਲਾ ਕਲਾਂ, ਮੱਤੀ, ਮੌਜੋ, ਫਫੜੇ ਭਾਈਕੇ, ਖਾਰਾ ਬਰਨਾਲਾ, ਲੱਲੂਆਣਾ, ਨੰਗਲ, ਦੁਲੋਵਾਲ, ਘਰਾਗਣਾ,ਫਤਿਹਪੁਰ, ਬੀਰੋਕੇ ਕਲਾਂ, ਬੱਛੋਆਣਾ, ਹੀਰੋ ਖੁਰਦ, ਕਿਸ਼ਨਗੜ੍ਹ,ਜੋਗਾ, ਬਰੇਟਾ ਸਮੇਤ ਦਰਜਨਾਂ ਹੋਰ ਖਰੀਦ ਕੇਂਦਰਾਂ ਵਿੱਚ ਝੋਨਾ ਨਾ ਚੁੱਕਣ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਲਿਫ਼ਟਿੰਗ ਦੀ ਸਮੱਸਿਆ ਦੋ ਦਿਨਾਂ ਦੇ ਅੰਦਰ-ਅੰਦਰ ਹੱਲ ਕਰ ਲਈ ਜਾਵੇਗੀ, ਪਰ ਮੰਡੀਆਂ ਵਿਚ ਪੁੱਜ ਰਿਹਾ ਸੁੱਕਾ ਝੋਨਾ ਸ਼ਾਮ ਦੀ ਸ਼ਾਮ ਤੁਲ ਰਿਹਾ ਹੈ, ਕਿਸੇ ਮੰਡੀ ਵਿੱਚ ਕੋਈ ਪ੍ਰੇਸ਼ਾਨੀ ਨਹੀ ਹੈ।
ਆੜ੍ਹਤੀਆਂ ਅਤੇ ਕਿਸਾਨਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ’ਤੇ ਧਰਨਾ ਲਾਇਆ ਗਿਆ। ਕਿਸਾਨਾਂ ਤੇ ਆੜ੍ਹਤੀਆ ਵੱਲੋਂ ਝੋਨੇ ਦੀ ਖਰੀਦ ਵਿੱਚ ਆਈ ਖੜੋਤ ਨੂੰ ਲੈ ਕੇ ਹੜਤਾਲ ਰੱਖੀ ਗਈ| ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਉਲਟਾ ਕਰਕੇ ਸਾੜਿਆ ਗਿਆ। ਇਸ ਮੌਕੇ ਕਿਸਾਨ ਬੁਲਾਰੇ ਕੁਲਵੰਤ ਸਿੰਘ ਕਿਸ਼ਨਗੜ੍ਹ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ, ਵਸਾਵਾ ਸਿੰਘ ਮੇਲਾ ਸਿੰਘ ਨੇ ਸੰਬੋਧਨ ਕਰਦੇ ਹੋਏ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਖੂਬ ਭੜਾਸ ਭੰਡਿਆ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਹ ਬਿਨਾਂ ਕਿਸੇ ਤਾਰੀਖ਼ ਦੀ ਪਾਬੰਦੀ ਦੇ ਖਰੀਦ ਕਰਵਾਇਆ ਜਾਵੇਗਾ ਅਤੇ ਝੂਠੇ ਪਰਚੇ ਰੱਦ ਕਰਵਾਏ ਜਾਣਗੇ| ਇਸ ਮੌਕੇ ਲਛਮਣ ਦਾਸ ਸਿੰਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕੇਵਲ ਕ੍ਰਿਸ਼ਨ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਮੇਹਰ ਸਿੰਘ ਖੰਨਾ, ਕ੍ਰਿਸ਼ਨ ਚੰਦ ਕੁਲਰੀਆ ਹਾਜ਼ਰ ਸਨ |