ਮਨਧੀਰ ਦਿਓਲ
ਨਵੀਂ ਦਿੱਲੀ, 19 ਸਤੰਬਰ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਆਪਣੀ ਦਿੱਖ ਸੁਧਾਰਨ ਦੀ ਕਵਾਇਦ ਕੀਤੀ ਹੈ। ਇਸੇ ਕਰ ਕੇ ਭਾਜਪਾ ਨੇ ਆਪਣੇ ਤਿੰਨ ਕੌਂਸਲਰਾਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 6 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਹ ਤਿੰਨੋਂ ਕੌਂਸਲਰ ਸੰਜੇ ਠਾਕੁਰ, ਰਜਨੀ ਪਾਂਡੇ ਤੇ ਪੂਜਾ ਮਦਾਨ ਹਨ ਜਿਨ੍ਹਾਂ ਨੂੰ ਪਾਰਟੀ ਵਿੱਚ ਸਫ਼ਾਏ ਦੀ ਮੁਹਿੰਮ ਵੱਜੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਜਾਰੀ ਹੁਕਮ ਵਿੱਚ ਕਿਹਾ ਕਿ ਉਨ੍ਹਾਂ ਤਿੰਨਾਂ ਕੌਂਸਲਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ।ਭਾਜਪਾ ਦੇ ਇਸ ਫੈਸਲੇ ਨੂੰ ਅਗਲੇ ਸਾਲ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸਫਾਈ ਅਭਿਆਨ ਵਜੋਂ ਵੇਖਿਆ ਜਾ ਰਿਹਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੇ ਐਤਵਾਰ ਨੂੰ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਉਨ੍ਹਾਂ ਦੇ ਖ਼ਿਲਾਫ਼ ਵਧਦੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਤਿੰਨ ਕਾਰਪੋਰੇਟਰ ਸੰਜੇ ਠਾਕੁਰ, ਰਜਨੀ ਪਾਂਡੇ ਅਤੇ ਪੂਜਾ ਮਦਾਨ ਨੂੰ ਛੇ ਸਾਲਾਂ ਲਈ ਭਾਜਪਾ ਦੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ।
ਸੰਜੇ ਠਾਕੁਰ ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦੇ ਅਧੀਨ ਸਹਿਦੁਲਜਾਬ ਵਾਰਡ ਤੋਂ ਕੌਂਸਲਰ ਹਨ, ਜਦੋਂ ਕਿ ਰਜਨੀ ਬਬਲੂ ਪਾਂਡੇ ਨਿਉ ਅਸ਼ੋਕ ਨਗਰ ਵਾਰਡ ਤੋਂ ਕੌਂਸਲਰ ਹਨ, ਜੋ ਪੂਰਬੀ ਦਿੱਲੀ ਨਗਰ ਨਿਗਮ (ਆਰਡੀਐਮਸੀ) ਦੇ ਅਧੀਨ ਆਉਂਦਾ ਹੈ। ਪੂਜਾ ਮਦਾਨ ਉੱਤਰੀ ਦਿੱਲੀ ਨਗਰ ਨਿਗਮ (ਐਨਡੀਐਮਸੀ) ਦੇ ਮੁਖਰਜੀ ਨਗਰ ਵਾਰਡ ਦੀ ਪ੍ਰਤੀਨਿਧਤਾ ਕਰਦੀ ਹੈ। ਗੁਪਤਾ ਦੁਆਰਾ ਤਿੰਨਾਂ ਕੌਂਸਲਰਾਂ ਨੂੰ ਭੇਜੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, ‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਵਿਰੁੱਧ ਲੋਕਾਂ ਦੇ ਬਹੁਤ ਜ਼ਿਆਦਾ ਆਰਥਿਕ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਕਾਰਨ ਤੁਹਾਨੂੰ ਛੇ ਸਾਲਾਂ ਲਈ ਭਾਜਪਾ ਦੀ ਆਮ ਮੈਂਬਰਸ਼ਿਪ ਤੋਂ ਕੱਢ ਕਰ ਦਿੱਤਾ ਗਿਆ ਹੈ। ਤੁਹਾਨੂੰ ਕਈ ਵਾਰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਆਪਣੇ ਭ੍ਰਿਸ਼ਟ ਵਿਵਹਾਰ ਨੂੰ ਠੀਕ ਕਰਨ ਲਈ ਕਿਹਾ ਗਿਆ ਸੀ ਪਰ ਤੁਹਾਡੇ ਵਿਵਹਾਰ ਵਿੱਚ ਸੁਧਾਰ ਨਹੀਂ ਹੋਇਆ ਇਸ ਲਈ ਤੁਹਾਨੂੰ ਤੁਰੰਤ ਪ੍ਰਭਾਵ ਨਾਲ 6 ਸਾਲਾਂ ਲਈ ਭਾਜਪਾ ਦੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ’
ਭਾਜਪਾ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢੀ ਪੂਜਾ ਮਦਾਨ ਅੱਜ ਦੇਰ ਸ਼ਾਮ ‘ਆਪ’ ਵਿੱਚ ਸ਼ਾਮਲ ਹੋ ਗਈ ਨਾਲ ਹੀ ਭਾਜਪਾ ਦਾ ਇੱਕ ਹੋਰ ਭਾਜਪਾ ਆਗੂ ਅਨਿਲ ਕੁਮਾਰ ਝਾਅ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਇਨ੍ਹਾਂ ਆਗੂਆਂ ਨੂੰ ਸ਼ਾਮਲ ਕਰਨ ਦੀ ਰਸਮ ‘ਆਪ’ ਦੇ ਵਿਧਾਇਕ ਦਲੀਪ ਪਾਂਡੇ ਨੇ ਨਿਭਾਈ ਤੇ ਕਿਹਾ ਕਿ ਲੋਕ ਪਾਰਟੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮਾਂ ਨੂੰ ਲੈ ਕੇ ਸਾਡੇ ਵਿੱਚ ਸ਼ਾਮਲ ਹੋ ਰਹੇ ਹਨ।ਮੁਖਰਜੀ ਨਗਰ ਤੋਂ ਕੌਂਸਲਰ ਪੂਜਾ ਮਦਾਨ ਤੇ ਉਸ ਦੇ ਭਰਾ ਨੇ ਮੈਂਬਰਸ਼ਿਪ ਲਈ। ਕਰਾਵਲ ਨਗਰ ਹਲਕੇ ਤੋਂ ਭਾਜਪਾ ਦੇ ਇੰਚਾਰਜ਼ ਅਨਿਲ ਝਾਅ ਵੀ ‘ਆਪ’ ਦਾ ਝਾੜੂ ਫੜ ਕੇ ਨਾਲ ਹੋ ਤੁਰੇ ਹਨ। ਅਨਿਲ ਯੋਜਨਾਬੰਦੀ ਜ਼ਿਲ੍ਹਾ ਉਪ ਪ੍ਰਧਾਨ ਅਤੇ ਉੱਤਰ -ਪੂਰਬੀ ਦਿੱਲੀ ਭਾਜਪਾ ਦੇ ਯੋਜਨਾ ਮੰਤਰੀ ਹਨ। ਉਹ ਭਾਜਪਾ ਉੱਤਰ ਪੂਰਬੀ ਦਿੱਲੀ ਦੇ ਝੁੱਗੀ ਝੋਪਰੀ ਸੈੱਲ ਦੇ ਜ਼ਿਲ੍ਹਾ ਉਪ ਪ੍ਰਧਾਨ ਹਨ ਤੇ ਉਹ ਆਰਡਬਲਯੂਏ ਦੇ ਪ੍ਰਧਾਨ ਵੀ ਹਨ। ਅਨਿਲ ਇੱਕ ਸਮਾਜ ਸੇਵਕ ਵਜੋਂ ਵੀ ਕੰਮ ਕਰ ਰਹੇ ਹਨ। ਦੂਜੇ ਪਾਸੇ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹੋਰ ਮੈਂਬਰਾਂ ਵਿੱਚ ਤਿਮਾਰਪੁਰ ਵਿਧਾਨ ਸਭਾ ਇੰਚਾਰਜ ਪਰਮਜੀਤ ਸਿੰਘ, ਮੁਖਰਜੀ ਨਗਰ ਦੇ ਜਨਰਲ ਸਕੱਤਰ ਹਰੀਸ਼ ਅਗਰਵਾਲ, ਆਰਡਬਲਯੂਏ ਦੇ ਪ੍ਰਧਾਨ ਗੁਲਸ਼ਨ ਭੋਲਾ, ਯੁਵਾ ਮੋਰਚਾ ਦੇ ਮੀਤ ਪ੍ਰਧਾਨ ਮੋਨੂੰ ਕੋਲੀ, ਓਬੀਸੀ ਫਰੰਟ ਦਿੱਲੀ ਪ੍ਰਦੇਸ਼ ਦੇ ਸਾਬਕਾ ਸੋਸ਼ਲ ਮੀਡੀਆ ਕੋ -ਇੰਚਾਰਜ ਵਿਜੇ ਕਪੂਰ ਤੇ ਮੁਖਰਜੀ ਨਗਰ ਮੰਡਲ ਦੇ ਸਾਬਕਾ ਉਪ-ਪ੍ਰਧਾਨ ਗੋਰਖਪੁਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਫੰਡਾਂ ਦੀ ਘਾਟ ਕਾਰਨ ਵਾਅਦੇ ਪੂਰੇ ਕਰਨ ਵਿੱਚ ਅਸਮਰੱਥ ਰਹੀ: ਪੂਜਾ ਮਦਾਨ
ਪੂਜਾ ਮਦਾਨ ਨੇ ਕਿਹਾ ਕਿ ਉਸ ਨੂੰ ਭਾਜਪਾ ਵੱਲੋਂ ਲੋੜੀਂਦੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਸੀ ਤੇ ਫੰਡਾਂ ਦੀ ਘਾਟ ਕਾਰਨ ਉਹ ਆਪਣੇ ਹਲਕਿਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਮਰੱਥ ਸੀ। “ਮੈਂ ਕੁਝ ਦਿਨ ਪਹਿਲਾਂ ਭਾਜਪਾ ਨੂੰ ਸੂਚਿਤ ਕੀਤਾ ਸੀ, ਮੈਂ ‘ਆਪ’ ਵਿੱਚ ਸ਼ਾਮਲ ਹੋਵਾਂਗੀ, ਉਨ੍ਹਾਂ ਨੇ ਮੈਨੂੰ ਕੱਢਣ ਲਈ ਹੁਣ ਤੱਕ ਇੰਤਜ਼ਾਰ ਕਿਉਂ ਕੀਤਾ? ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ‘ਆਪ’ ਵਿੱਚ ਸ਼ਾਮਲ ਰਹੀ ਹਾਂ। ਉਨ੍ਹਾਂ ਨੇ ਮੈਨੂੰ ਰਹਿਣ ਲਈ ਕਿਹਾ। ਜੇ ਮੈਂ ਭ੍ਰਿਸ਼ਟ ਸੀ ਤਾਂ ਉਨ੍ਹਾਂ ਨੇ ਮੈਨੂੰ ਰਹਿਣ ਲਈ ਕਿਉਂ ਕਿਹਾ? ਮੈਂ ਉਨ੍ਹਾਂ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਵੋਟ ਦਿੱਤਾ।’ ਉਨ੍ਹਾਂ ਇਹ ਵੀ ਕਿਹਾ ਕਿ ਸੰਜੇ ਠਾਕੁਰ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਕੌਂਸਲਰ ਦੇ ਪਤੀ ਬਬਲੂ ਪਾਂਡੇ ਨੇ ਕਿਹਾ ਕਿ ਰਜਨੀ ਬਬਲੂ ਪਾਂਡੇ ਐਤਵਾਰ ਦੁਪਹਿਰ ਪਾਰਟੀ ਦਫਤਰ ਗਈ ਤਾਂ ਕਿ ਉਹ ਉਸਦੇ ਵਿਰੁੱਧ ਕਾਰਵਾਈ ਬਾਰੇ ਸਪੱਸ਼ਟੀਕਰਨ ਲੈ ਸਕੇ। ਪਤੀ ਨੇ ਦੱਸਿਆ, ‘ਹਾਂ, ਉਸਨੂੰ ਚਿੱਠੀ ਵੀ ਮਿਲੀ ਪਰ ਲਗਦਾ ਹੈ ਕਿ ਕੁਝ ਗਲਤੀ ਹੋ ਗਈ ਹੈ। ਅਸੀਂ ਭਾਜਪਾ ਦੇ ਨਾਲ ਖੜ੍ਹੇ ਹਾਂ ਤੇ ‘ਆਪ’ ਵਿੱਚ ਸ਼ਾਮਲ ਨਹੀਂ ਹੋ ਰਹੇ।