ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੁਲਾਈ
ਐੱਨਆਰਆਈ ਦੀ ਕੋਠੀ ਨੱਪਣ ਦਾ ਮਾਮਲਾ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ‘ਆਪ’ ਵਾਲੰਟੀਅਰਾਂ ਵੱਲੋਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਐੱਨਆਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਨੇ ਅੱਜ ਵਿਵਾਦਤ ਕੋਠੀ ਦੇ ਦਰਸ਼ਨ ਕਰਵਾਉਂਦੇ ਹੋਏ ਅਹਿਮ ਐਲਾਨ ਕਰ ਦਿੱਤਾ। ਇਕ ਪਾਸੇ ਕੰਵਲਜੀਤ ਖੰਨਾ ਨੇ ਬਹੁਕਰੋੜੀ ਕੋਠੀ ਦੀ ਖਰੀਦ ਵਿੱਚ ਮਨੀ ਲਾਂਡਿਰੰਗ ਦੇ ਦੋਸ਼ ਲਾਉਂਦਿਆਂ ਈਡੀ ਅਤੇ ਸੀਬੀਆਈ ਜਾਂਚ ਮੰਗੀ ਤਾਂ ਦੂਜੇ ਪਾਸੇ ਹੋਰਨਾਂ ਆਗੂਆਂ ਨੇ ਨਵੇਂ ਖੁਲਾਸੇ ਕੀਤੇ ਹਨ।
ਉਨ੍ਹਾਂ ‘ਆਪ’ ਵਾਲੰਟੀਅਰਾਂ ਵੱਲੋਂ ਕੋਠੀ ਮਾਲਕ ਐੱਨਆਰਆਈ ਨੂੰਹ-ਸੱਸ ਨੂੰ ‘ਜ਼ੁਬਾਨਬੰਦੀ’ ਲਈ ਨਿਸ਼ਾਨਾ ਬਣਾਉਣ ਦਾ ਗੰਭੀਰ ਨੋਟਿਸ ਲਿਆ ਹੈ। ਐਕਸ਼ਨ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਸੂਲਪੁਰ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਸਿੰਘ ਮਾਣੂੰਕੇ, ਜਗਸੀਰ ਸਿੰਘ ਗਿੱਲ, ਸੁਖਦੇਵ ਸਿੰਘ ਭੂੰਦੜੀ ਅਤੇ ਜਸਦੇਵ ਸਿੰਘ ਲਲਤੋਂ ਨੇ ਕੋਠੀ ਦਿਖਾਉਂਦੇ ਹੋਏ ਕਿਹਾ ਕਿ ਕੁਝ ਲੋਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵਿਧਾਇਕ ਬਾਰੇ ਅਪਸ਼ਬਦ ਬੋਲਣ ਵਾਲੇ ਵਿਅਕਤੀ ਦੀ ਪੁਲੀਸ ਦੀ ਮੌਜੂਦਗੀ ਵਿੱਚ ਕੁੱਟਮਾਰ ਨੂੰ ਵੀ ਗੰਭੀਰ ਮਾਮਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਕੁਝ ਗਲਤ ਕਿਹਾ ਗਿਆ ਤਾਂ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਜਾ ਸਕਦੀ ਸੀ, ਪਰ ਕਾਨੂੰਨ ਹੱਥ ਵਿੱਚ ਲੈਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ। ਕੋਠੀ ਵਿਵਾਦ ‘ਚ ਚੱਲ ਰਹੇ ਘਟਨਾਕ੍ਰਮ ‘ਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੀ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਕ ਪਾਸੇ ਹਾਕਮ ਧਿਰ ਹੈ ਤੇ ਦੂਜੇ ਪਾਸੇ ਜਨਤਕ ਜਥੇਬੰਦੀਆਂ ਦਾ ਦਬਾਅ ਹੈ। ਆਗੂਆਂ ਨੇ ਦਿਖਾਇਆ ਕਿ ਕੋਠੀ ਦੇ ਪਿਛਲੇ ਪਾਸੇ ਕਮਰਿਆਂ ਦੀ ਉਸਾਰੀ ਕਰਵਾਈ ਜਾ ਰਹੀ ਸੀ ਜੋ ਹੁਣ ਅੱਧ-ਵਿਚਕਾਰ ਲਟਕੀ ਹੋਈ ਹੈ। ਹਾਕਮ ਧਿਰ ’ਤੇ ਸੱਚਾਈ ਨੂੰ ਰੋਲਣ ਲਈ ਯਤਨਸ਼ੀਲ ਹੋਣ ਦਾ ਦੋਸ਼ ਮੜ੍ਹਦਿਆਂ ਉਨ੍ਹਾਂ ਕਿਹਾ ਕਿ ਇਸ ਜਾਅਲਸਾਜ਼ੀ ਵਿੱਚ ਸ਼ਾਮਲ ਕਰਮ ਸਿੰਘ ਖੁਦ ਮੰਨ ਚੁੱਕਿਆ ਹੈ ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੀ।
ਸਵਾ ਚਾਰ ਵਿਸਵੇ ਵਿੱਚ ਉਸਾਰੀ ਤਿੰਨ ਮੰਜ਼ਿਲਾ ਕੋਠੀ ਦਾ ਇੰਤਕਾਲ ਕਰਵਾਇਆ ਗਿਆ ਫਿਰ ਕੋਠੀ ਦੇ ਪਿਛਲੇ ਪਾਸੇ ਬਾਕੀ ਗਿਆਰਾਂ ਵਿਸਵੇ ਜਗ੍ਹਾ ਵਿੱਚ ਜੋ ਮਾਲ ਵਿਭਾਗ ਦੇ ਰਿਕਾਰਡ ‘ਚ ਉਦੋਂ ਅਤੇ ਅੱਜ ਵੀ ਐੱਨਆਰਆਈ ਪਰਿਵਾਰ ਦੀ ਮਾਤਾ ਅਮਰਜੀਤ ਕੌਰ ਧਾਲੀਵਾਲ ਦੇ ਨਾਮ ਬੋਲਦੀ ਹੈ, ਇਸ ਜਗ੍ਹਾ ਉੱਪਰ ਕਮਰਿਆਂ ਦੀ ਨਾਜਾਇਜ਼ ਉਸਾਰੀ ਕੌਣ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬਿਨਾਂ ਧਮਕੀਆਂ ਅਤੇ ਪਰਚਿਆਂ ਦੀ ਪ੍ਰਵਾਹ ਕੀਤਿਆਂ ਉਹ ਇਨਸਾਫ਼ ਤੱਕ ਸੰਘਰਸ਼ ਜਾਰੀ ਰੱਖਣਗੇ।