ਆਤਿਸ਼ ਗੁਪਤਾ
ਚੰਡੀਗੜ੍ਹ, 8 ਨਵੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨੇੜੇ ਆਉਣ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਗਤੀਵੀਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਭਾਜਪਾ ਵੱਲੋਂ 5 ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਅਤੇ ਪਹਿਲੀ ਵਾਰ ਨਿਗਮ ਚੋਣਾਂ ’ਚ ਹਿੱਸਾ ਲੈ ਰਹੀ ‘ਆਪ’ ਵੱਲੋਂ ਭਾਜਪਾ ਦੀ ਕਾਰਗੁਜ਼ਾਰੀ ਨੂੰ ਨਕਾਰਿਆ ਜਾ ਰਿਹਾ ਹੈ।
ਅੱਜ ਚੰਡੀਗੜ੍ਹ ਕਾਂਗਰਸ ਦੀ ਸਕੱਤਰ ਪ੍ਰੇਮ ਲਤਾ ਵੀ ਆਪਣੇ ਸਾਥੀਆਂ ਸਣੇ ‘ਆਪ’ ’ਚ ਸ਼ਾਮਲ ਹੋ ਗਈ ਹੈ ਜਿਸ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਕਰਨੈਲ ਸਿੰਘ ਨੇ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕ ਪ੍ਰੇਮ ਲਤਾ ਦੇ ਨਾਲ ਸਾਬਕਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਉੱਪਲ, ਇਸ਼ਪਿੰਦਰ ਸਿੰਘ, ਜਗਤਾਰ ਸਿੰਘ, ਪ੍ਰੀਤਪਾਲ ਕੌਰ, ਪੁਲਕਿਤ ਸਿੰਘ ਅਤੇ ਸਕੱਤਰ ਕਰਨਵੀਰ ਸਿੰਘ ਵੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ ਵੱਡੀ ਗਿਣਤੀ ’ਚ ਲੋਕ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ’ਚ ਚੰਡੀਗੜ੍ਹ ਨੂੰ ਭਾਜਪਾ ਅਤੇ ਕਾਂਗਰਸ ਮੁਕਤ ਕੀਤਾ ਜਾਵੇਗਾ। ਇਸ ਮੌਕੇ ਪ੍ਰਦੀਪ ਛਾਬੜਾ, ਪ੍ਰੇਮ ਗਰਗ, ਚੰਦਰਮੁਖੀ ਸ਼ਰਮਾ ਅਤੇ ਵਿਜੈਪਾਲ ਸਣੇ ਹੋਰ ‘ਆਪ’ ਵਰਕਰ ਵੀ ਹਾਜ਼ਰ ਸਨ।