ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 19 ਸਤੰਬਰ
ਅਦਾਲਤ ਨੇ ਸ਼ਹਿਰ ਦੇ ਪੀਐੱਨਬੀ ਰੋਡ ’ਤੇ ਮੋਟਰਸਾਈਕਲ ਧਮਾਕੇ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਪ੍ਰਵੀਨ ਕੁਮਾਰ ਨੂੰ ਅੱਜ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪ੍ਰਵੀਨ ਵਾਸੀ ਧਰਮੂਵਾਲਾ ਨੂੰ ਡਿਊਟੀ ਮੈਜਿਸਟ੍ਰੇਟ ਰਾਮਪਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਮੋਟਰਸਾਈਕਲ ਧਮਾਕਾ ਮਾਮਲੇ ਵਿੱਚ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੀਆਂ ਕੁੱਝ ਹੋਰ ਧਾਰਾਵਾਂ ਵੀ ਜੋੜ ਗਈਆਂ ਹਨ।
ਉਧਰ, ਰਾਜਸਥਾਨ ਅਤੇ ਪੰਜਾਬ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਧਮਾਕਾ ਮਾਮਲੇ ਵਿੱਚ ਨਾਮਜ਼ਦ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਰਾਜਸਥਾਨ ਦੇ ਰਾਏਸਿੰਘ ਨਗਰ ਨਜ਼ਦੀਕ ਬਾਜੂਵਾਲਾ-ਸਲੇਮਪੁਰਾ ਸੜਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।