ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 13 ਜੁਲਾਈ
ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਖਤਮ ਕਰਨ ਲਈ ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ’ਤੇ ਲੱਗੇ ਧਰਨੇ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੇ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ ਨੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਗੋਲਡੀ ਨੂੰ ਆਪਣੇ ਵਾਅਦੇ ਉੱਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੋਲਡੀ ਦਾ ਇਹ ਕਹਿਣਾ ਕਿ ਸਰਕਾਰ, ਸਰਕਾਰੀ ਜ਼ਮੀਨ ਉੱਤੇ ਮੈਡੀਕਲ ਕਾਲਜ ਕਿਉਂ ਨਹੀਂ ਬਣਾਉਂਦੀ ਹੈ, ਇਹ ਕਹਿਣ ਦੇ ਬਰਾਬਰ ਹੈ ਕਿ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਦਾਨ ਵਜੋਂ ਦਿੱਤੀ 25 ਏਕੜ ਜ਼ਮੀਨ ਉੱਤੇ ਸਰਕਾਰੀ ਕਾਲਜ ਬਣਾਉਣਾ ਗ਼ਲਤ ਹੈ। ਬੁਲਾਰਿਆਂ ਨੇ ਕਿਹਾ ਕਿ ਗੋਲਡੀ ਇਸ ਗੱਲ ਨੂੰ ਸਮਝ ਲੈਣ ਕਿ ਜ਼ਮੀਨ ਦੀ ਪੰਜਾਬ ਸਰਕਾਰ ਦੇ ਨਾਮ ’ਤੇ ਰਜਿਸਟਰੀ ਅਤੇ ਇੰਤਕਾਲ ਹੋ ਚੁੱਕਾ ਹੈ। ਧਰਨੇ ਵਿੱਚ ਬਲਦੇਵ ਸਿੰਘ ਬੱਗੂਆਣਾ, ਰਾਜਿੰਦਰ ਸਿੰਘ ਲਿੱਦੜਾਂ, ਜਸਦੀਪ ਸਿੰਘ ਬਹਾਦਰਪੁਰ, ਗੁਰਪਿਆਰ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ।
ਧਰਨੇ ਵਿੱਚ ਬੋਲੇ ਲਫ਼ਜ਼ਾਂ ’ਤੇ ਅੱਜ ਵੀ ਕਾਇਮ ਹਾਂ: ਗੋਲਡੀ
ਸ਼ੋ੍ਮਣੀ ਅਕਾਲੀ ਦਲ ਦੇ ਆਗੂ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਮੈਡੀਕਲ ਕਾਲਜ ਦੇ ਮਸਲੇ ਨੂੰ ਲੈ ਕੇ ਧਰਨਾਕਾਰੀਆਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਹੀ ਨਹੀਂ ਤਾਂ ਫਿਰ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਧਰਨਾ ਕਿਉਂ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਮੈਡੀਕਲ ਕਾਲਜ ਦੇ ਮਸਲੇ ਨੂੰ ਹੱਲ ਕਰਨ ਲਈ ਧਰਨੇ ਵਿੱਚ ਬੋਲੇ ਲਫ਼ਜ਼ਾਂ ’ਤੇ ਅੱਜ ਵੀ ਕਾਇਮ ਹਨ ਅਤੇ ਇਸ ਸੰਘਰਸ਼ ਵਿੱਚ ਉਹ ਸੰਗਤ ਦੇ ਨਾਲ ਹਨ ਪਰ ਸ਼੍ਰੋਮਣੀ ਕਮੇਟੀ ਸਿੱਖ ਸੰਗਤ ਦੀ ਬਣਾਈ ਹੋਈ ਹੈ ਅਤੇ ਇਸ ਦੇ ਹੱਕ ਹਕੂਕ ਅਤੇ ਮਰਿਆਦਾ ਨੂੰ ਬਰਕਰਾਰ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ।