ਕੋਲੰਬੋ, 22 ਮਈ
ਸ੍ਰੀਲੰਕਾ ’ਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੀਆਂ ਤਾਕਤਾਂ ’ਚ ਕਟੌਤੀ ਕਰਨ ਲਈ ਭਲਕੇ ਕੈਬਨਿਟ ’ਚ ਸੰਵਿਧਾਨ ਦੀ ਧਾਰਾ 21 ’ਚ ਸੋਧ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਸੰਵਿਧਾਨ ’ਚ 21ਵੀਂ ਸੋਧ ਨਾਲ 20ਏ ਮੱਦ ਰੱਦ ਹੋਣ ਦੀ ਸੰਭਾਵਨਾ ਹੈ ਜੋ 19ਵੀਂ ਸੋਧ ਰੱਦ ਹੋਣ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਬੇਹਿਸਾਬ ਤਾਕਤਾਂ ਦਿੰਦੀ ਹੈ। 19ਵੀਂ ਸੋਧ ’ਚ ਸੰਸਦ ਨੂੰ ਰਾਸ਼ਟਰਪਤੀ ਤੋਂ ਵਧ ਸ਼ਕਤੀਆਂ ਦਿੱਤੀਆਂ ਗਈਆਂ ਸਨ। ਨਿਆਂ ਮੰਤਰੀ ਵਿਜੈਦਾਸ ਰਾਜਪਕਸੇ ਨੇ ਕਿਹਾ ਕਿ ਇਸ ਸੋਧ ਨਾਲ ਦੋਹਰੀ ਨਾਗਰਿਕਤਾ ਵਾਲੇ ਸੰਸਦ ਮੈਂਬਰਾਂ ਲਈ ਸੰਸਦ ’ਚ ਬਣੇ ਰਹਿਣਾ ਮੁਸ਼ਕਲ ਹੋ ਜਾਵੇਗਾ। ਦੇਸ਼ ਦੇ ਅਰਥਚਾਰੇ ’ਚ ਨਿਘਾਰ ਕਾਰਨ ਅਸਤੀਫ਼ੇ ਦੀ ਮੰਗ ਦਾ ਸਾਹਮਣਾ ਕਰ ਰਹੇ ਗੋਟਾਬਾਯਾ ਨੇ ਰਾਸ਼ਟਰਪਤੀ ਚੋਣ ਲੜਨ ਤੋਂ ਪਹਿਲਾਂ ਅਪਰੈਲ 2019 ’ਚ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ। ਮੰਤਰੀ ਨੇ ਕਿਹਾ ਕਿ ਮੌਜੂਦਾ ਆਜ਼ਾਦ ਕਮਿਸ਼ਨਾਂ ਤੋਂ ਇਲਾਵਾ ਕੌਮੀ ਆਡਿਟ ਕਮਿਸ਼ਨ ਅਤੇ ਖ਼ਰੀਦ ਕਮਿਸ਼ਨ ਦੇ ਸਬੰਧ ’ਚ ਆਜ਼ਾਦ ਕਮਿਸ਼ਨ ਵਜੋਂ ਸੋਧ ਕੀਤੀ ਜਾਵੇਗੀ। ਰਾਜਪਕਸੇ ਨੇ ਕਿਹਾ ਕਿ ਸੰਵਿਧਾਨ ’ਚ 21ਵੀਂ ਸੋਧ ਨਾਲ ਮੌਜੂਦਾ ਕਮਿਸ਼ਨਾਂ ਦੀਆਂ ਤਾਕਤਾਂ ਹੋਰ ਮਜ਼ਬੂਤ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਸੋਧ ’ਚ ਕੇਂਦਰੀ ਬੈਂਕ ਦੇ ਗਵਰਨਰ ਦੀ ਨਿਯੁਕਤੀ ਸੰਵਿਧਾਨਕ ਪਰਿਸ਼ਦ ਤਹਿਤ ਲਿਆਉਣ ਦੀ ਤਜਵੀਜ਼ ਵੀ ਹੈ।
ਇਸ ਦੌਰਾਨ ਸ੍ਰੀਲੰਕਾ ਨੇ ਪੈਟਰੋਲ ਅਤੇ ਡੀਜ਼ਲ ਦੀ ਜਮ੍ਹਾਂਖੋਰੀ ਰੋਕਣ ਲਈ ਦੇਸ਼ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪੁਲੀਸ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਵੱਡੀ ਗਿਣਤੀ ਲੋਕ ਗੈਸ ਸਟੇਸ਼ਨਾਂ ’ਤੇ ਈਂਧਣ ਖ਼ਰੀਦ ਕੇ ਉਨ੍ਹਾਂ ਨੂੰ ਮੋਟੀ ਰਕਮ ’ਚ ਅੱਗੇ ਵੇਚ ਰਹੇ ਹਨ।
ਸ੍ਰੀਲੰਕਾ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰਾਂਸਪੋਰਟਰਾਂ ਨੂੰ ਧਮਕੀਆਂ ਮਿਲੀਆਂ ਤਾਂ ਈਂਧਣ ਦੀ ਸਪਲਾਈ ਰੋਕ ਦਿੱਤੀ ਜਾਵੇਗੀ। ਅਨੁਰਾਧਾਰਾਪੁਰਾ ’ਚ ਇਕ ਪੈਟਰੋਲ ਪੰਪ ਦੇ ਮਾਲਕ ਦੇ ਘਰ ਨੂੰ ਭੀੜ ਵੱਲੋਂ ਅੱਗ ਲਾਏ ਜਾਣ ਮਗਰੋਂ ਸਰਕਾਰ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਧਮਕੀਆਂ ਮਿਲਣ ਮਗਰੋਂ ਸਿਲੋਨ ਪੈਟਰੋਲੀਅਮ ਪ੍ਰਾਈਵੇਟ ਟੈਂਕਰ ਓਨਰਜ਼ ਐਸੋਸੀਏਸ਼ਨ ਨੇ ਪੁਲੀਸ ਤੋਂ ਸੁਰੱਖਿਆ ਮੰਗੀ ਹੈ। -ਪੀਟੀਆਈ
ਭਾਰਤ ਤੋਂ ਰਾਹਤ ਸਮੱਗਰੀ ਦਾ ਜਹਾਜ਼ ਸ੍ਰੀਲੰਕਾ ਪਹੁੰਚਿਆ
ਕੋਲੰਬੋ: ਭਾਰਤੀ ਸਮੁੰਦਰੀ ਜਹਾਜ਼ ਅੱਜ 9 ਹਜ਼ਾਰ ਮੀਟਰਿਕ ਟਨ ਚੌਲ, 25 ਮੀਟਰਿਕ ਟਨ ਦਵਾਈਆਂ ਅਤੇ 50 ਮੀਟਰਿਕ ਟਨ ਦੁੱਧ ਪਾਊਡਰ ਵਰਗੀ ਰਾਹਤ ਸਮੱਗਰੀ ਲੈ ਕੇ ਸ੍ਰੀਲੰਕਾ ਪਹੁੰਚਿਆ। ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਇਹ ਸਮੱਗਰੀ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ ਐੱਲ ਪੇਇਰਿਸ ਨੂੰ ਸੌਂਪੀ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਟਵੀਟ ਕਰਕੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰੀਲੰਕਾ ਨੂੰ ਅੱਜ 2 ਅਰਬ ਰੁਪਏ ਦੀ ਮਾਨਵੀ ਸਹਾਇਤਾ ਮਿਲੀ ਹੈ। -ਪੀਟੀਆਈ