ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਗਸਤ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪੱਕਾ ਮੋਰਚਾ ਅੱਜ 330ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਇਸ ਮੋਰਚੇ ਦੀ ਸਟੇਜ ਬਿੰਦਰ ਸਿੰਘ ਖੋਖਰ ਬਲਾਕ ਆਗੂ ਨੇ ਬਾਖੂਬੀ ਨਿਭਾਈ। ਇਸ ਮੌਕੇ ਕਿਸਾਨ ਆਗੂ ਕਰਨੈਲ ਗਨੋਟਾ, ਬਹਾਦਰ ਸਿੰਘ ਭੁਟਾਲ ਖੁਰਦ,ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਬੇਅੰਤ ਕੌਰ ਰਾਏਧਰਾਣਾ, ਮਨਜੀਤ ਕੌਰ ਸੰਗਤੀਵਾਲਾ, ਬਲਜੀਤ ਕੌਰ ਲਹਿਲ ਕਲਾਂ ਮਜ਼ਦੂਰ ਆਗੂ ਨੇ ਕਿਹਾ ਕਿ ਭਾਜਪਾ ਦੀ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਮੋਰਚਿਆਂ ਵਿੱਚ ਕਿਰਤੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਥੇਬੰਦੀ ਦੇ ਵਰਕਰ ਕਿਸੇ ਵੀ ਸੂਰਤ ’ਚ ਭਾਜਪਾ ਅਤੇ ਕਾਰਪੋਰੇਟ ਹਮਾਇਤੀਆਂ ਨੂੰ ਪਿੰਡਾਂ ’ਚ ਦਾਖਲ ਨਹੀਂ ਹੋਣ ਦੇਣਗੇ।