ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 27 ਸਤੰਬਰ
ਇਥੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਏਆਈਐੱਸਐੱਫ) ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਆਈ ਟੀ ਆਈ ਦੇ ਪ੍ਰਧਾਨ ਬਲਜੀਤ ਕੁਮਾਰ ਸ਼ਰਮਾ, ਸਕੱਤਰ ਪੂਜਾ ਰਾਣੀ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਅਰਵੀਨ ਸਿੰਘ ਅਤੇ ਏਕਮਜੋਤ ਸਿੰਘ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਦੱਸਿਆ ਕਿ ਜਲਾਲਾਬਾਦ ਦੀ ਸਰਕਾਰੀ ਆਈਟੀਆਈ ਅਤੇ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਬੱਸ ਅੱਡੇ ਤੋਂ ਕਰੀਬ ਡੇਢ ਤੋਂ ਦੋ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਸਰਕਾਰੀ ਆਈਟੀਆਈ ਵਿੱਚ ਪੜ੍ਹ ਰਹੇ ਸਿਖਿਆਰਥੀਆਂ ਨੂੰ ਇੰਨੀ ਦੂਰ ਤੁਰ ਕੇ ਜਾਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਉਹ ਆਪਣੀਆਂ ਕਲਾਸਾਂ ਵਿੱਚ ਲੇਟ ਹੋ ਜਾਂਦੇ ਹਨ। ਦੂਜੇ ਪਾਸੇ ਸਰਕਾਰੀ ਹਸਪਤਾਲ ਵੀ ਬੱਸ ਅੱਡੇ ਤੋਂ ਇਸ ਨਾਲੋਂ ਵੱਧ ਦੂਰੀ ਤੇ ਸਥਿਤ ਹੈ ਅਤੇ ਪੜ੍ਹਨ ਵਾਲੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਵੀ ਬੱਸ ਨਾ ਰੁਕਣ ਕਰਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇੱਥੇ ਪੱਕੇ ਤੌਰ ’ਤੇ ਬੱਸ ਸਟਾਪ ਬਣਵਾਇਆ ਜਾਵੇੇ।