ਜੋਗਿੰਦਰ ਸਿੰਘ ਮਾਨ
ਮਾਨਸਾ, 25 ਜੁਲਾਈ
ਘੱਗਰ ਵਿੱਚ ਸਵੇਰੇ-ਸ਼ਾਮ ਚੜ੍ਹ ਰਹੇ ਪਾਣੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਇਨ੍ਹਾਂ ਲੋਕਾਂ ਨੇ ਆਪਣੇ ਪੱਧਰ ’ਤੇ ਹੜ੍ਹਾਂ ਦੀ ਰੋਕਥਾਮ ਲਈ ਕਮਰਕੱਸੇ ਕਰ ਲਏ ਹਨ। ਉਹ ਪੁਲ ਹੇਠ ਫਸੇ ਟਾਹਣੇ ਆਦਿ ਖ਼ੁਦ ਕੱਢਣ ਲੱਗ ਪਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਘੱਗਰ ਦੇ ਕਿਨਾਰੇ ਖੁਰ ਸਕਦੇ ਹਨ। ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਦਿਨ-ਰਾਤ ਦੀ ਗਸ਼ਤ ਜਾਰੀ ਹੈ ਅਤੇ ਚਾਂਦਪੁਰਾ ਬੰਨ੍ਹ ਨੇੜੇ ਆਰਜ਼ੀ ਚੌਕੀ ਕਾਇਮ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਲੋਕਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ।
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਤੁਰੰਤ ਵਿਸ਼ੇਸ਼ ਫੰਡਾਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਨ੍ਹਾਂ ਟੁੱਟਣ ਤੋਂ ਰੋਕਣ ਲਈ ਫੰਡਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਲਰੀਆਂ, ਗੋਰਖਨਾਥ, ਜੁਗਲਾਨ, ਮੰਡੇਰ, ਭਾਵਾ ਦੇ ਲੋਕਾਂ ਵੱਲੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ਉੱਪਰ ਗੋਤਾਖੋਰ ਭੇਜੇ ਜਾਣ, ਫੰਡ ਜਾਰੀ ਕੀਤਾ ਜਾਵੇ, ਵਾਟਰ ਪਰੂਫ ਜੈਕਟਾਂ ਅਤੇ ਜੇਸੀਬੀ ਮਸ਼ੀਨਾਂ ਭੇਜੀਆਂ ਜਾਣ।
ਵਿਧਾਇਕ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ਨੇੜੇ ਬਣੇ ਪੁਲ ਵਿੱਚ ਵੱਡੇ ਟਾਹਣੇ ਅਤੇ ਘਾਹ-ਫੂਸ ਫਸਣ ਕਾਰਨ ਪਾਣੀ ਦੀ ਡਾਫ ਲੱਗਣ ਲੱਗੀ ਹੈ ਜਿਸ ਕਾਰਨ ਪਾਣੀ ਦੇ ਚੜ੍ਹਨ ਸਦਕਾ ਕਿਨਾਰਿਆਂ ਦੇ ਟੁੱਟਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਾਹਣਿਆਂ ਨੂੰ ਕੱਢਣ ਲਈ ਕਿਸਾਨਾਂ ਦੇ ਢਿੱਡਾਂ ਉੱਤੇ ਰੱਸੇ ਬੰਨ੍ਹ ਕੇ ਉਨ੍ਹਾਂ ਨੂੰ ਥੱਲੇ ਉਤਾਰਿਆ ਜਾਂਦਾ ਹੈ ਅਤੇ ਉਹ ਟਾਹਣਿਆਂ ਨੂੰ ਪੁਲ ਤੋਂ ਅੱਗੇ ਤੋਰ ਕੇ ਮੁੜ ਉਪਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਪ੍ਰਸ਼ਾਸਨ ਨੂੰ ਜੇਬੀਸੀ ਮਸ਼ੀਨਾਂ ਨਾਲ ਕਰਵਾਉਣਾ ਚਾਹੀਦਾ ਹੈ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਬੁਢਲਾਡਾ ਅਤੇ ਐਸਡੀਐਮ ਸਰਦੂਲਗੜ੍ਹ ਨੂੰ ਹਰ ਸਮੇਂ ਹੜ੍ਹ ਕੰਟਰੋਲ ਰੂਮਾਂ ਨਾਲ ਸੰਪਰਕ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ ਅਤੇ ਕਿਸੇ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।