ਇਸਲਾਮਾਬਾਦ, 8 ਨਵੰਬਰ
ਪਾਕਿਸਤਾਨ ਸਰਕਾਰ ਨੇ ਕੱਟੜਵਾਦੀ ਸੰਗਠਨ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਤੋਂ ਪਾਬੰਦੀ ਹਟਾ ਲਈ ਹੈ। ਜ਼ਿਕਰਯੋਗ ਹੈ ਕਿ ਇਸ ਕੱਟੜਵਾਦੀ ਸੰਗਠਨ ਨੇ ਹਾਲ ਹੀ ਵਿਚ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਇਸ ਬਦਲੇ ਹੁਣ ਸਰਕਾਰ ਨੇ ਪਾਬੰਦੀ ਹਟਾ ਲਈ ਹੈ। ਹਿੰਸਕ ਰੋਸ ਮੁਜ਼ਾਹਰਿਆਂ ਵਿਚ 20 ਮੌਤਾਂ ਹੋਈਆਂ ਸਨ ਤੇ ਮਰਨ ਵਾਲਿਆਂ ਵਿਚ ਅੱਧੇ ਪੁਲੀਸ ਕਰਮੀ ਸਨ। ਟੀਐਲਪੀ ਉਤੇ ਅਪਰੈਲ ਵਿਚ ਪਾਬੰਦੀ ਲਾਈ ਗਈ ਸੀ। ਫਰਾਂਸ ਵਿਚ ਇਸਲਾਮ ਨਾਲ ਜੁੜੇ ਕਾਰਟੂਨ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਥੇਬੰਦੀ ਰੋਸ ਜ਼ਾਹਿਰ ਕਰ ਰਹੀ ਸੀ ਤੇ ਫਰਾਂਸੀਸੀ ਰਾਜਦੂਤ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ਨੇ ਹਾਲ ਹੀ ਵਿਚ ਟੀਐਲਪੀ ਨਾਲ ਕੋਈ ਗੁਪਤ ਸਮਝੌਤਾ ਕੀਤਾ ਹੈ। ਪਾਬੰਦੀ ਹਟਾਉਣ ਲਈ ਅੱਜ ਅਧਿਕਾਤਰ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਟੀਐਲਪੀ ਨੇ ਆਪਣੇ ਰੋਸ ਪ੍ਰਦਰਸ਼ਨ 18 ਅਕਤੂਬਰ ਨੂੰ ਲਾਹੌਰ ਤੋਂ ਸ਼ੁਰੂ ਕੀਤੇ ਸਨ ਤੇ ਮਗਰੋਂ ਇਸਲਾਮਾਬਾਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਜਥੇਬੰਦੀ ਆਪਣੇ ਆਗੂ ਸਾਦ ਰਿਜ਼ਵੀ ਦੀ ਰਿਹਾਈ ਦੀ ਮੰਗ ਵੀ ਕਰ ਰਹੀ ਸੀ। -ਪੀਟੀਆਈ