ਮੁੱਖ ਅੰਸ਼
- ਸੈਸ਼ਨ ਦੇ ਪਹਿਲੇ ਦਿਨ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਹੀ ਸਰਕਾਰ ਉੱਤੇ ਕੀਤੇ ਤਾਬੜਤੋੜ ਹਮਲੇ
- ਬਿਜਲੀ ਸਮਝੌਤੇ ਰੱਦ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ
ਚਰਨਜੀਤ ਭੁੱਲਰ
ਚੰਡੀਗੜ੍ਹ, 8 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਜਵੋਤ ਸਿੱਧੂ ਨੇ ਅੱਜ ਚੰਨੀ ਸਰਕਾਰ ਨੂੰ ਮੁੜ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ ਜਿਸ ਕਰਕੇ ਇਹ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਫ਼ੈਸਲਾ ਨਹੀਂ ਲੈ ਰਹੀ ਹੈ। ਹੁਣ ਇਹ ਤੈਅ ਕਰਨਾ ਪਵੇਗਾ ਕਿ ਪੰਜਾਬ ਨੂੰ ਇਨਸਾਫ਼ ਦੇਣਾ ਹੈ ਜਾਂ ਦੋਸ਼ੀਆਂ ਦੀ ਢਾਲ ਬਣਨਾ ਹੈ? ਸ੍ਰੀ ਸਿੱਧੂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਤੇ ‘ਸਿੱਟ’ ਬਣੀ ਸੀ ਅਤੇ ਛੇ ਮਹੀਨਿਆਂ ਵਿੱਚ ਜਾਂਚ ਮੁਕੰਮਲ ਕੀਤੀ ਜਾਣੀ ਸੀ। ਅੱਜ ਛੇ ਮਹੀਨਿਆਂ ਤੋਂ ਇੱਕ ਦਿਨ ਉਪਰ ਹੋ ਚੁੱਕਾ ਹੈ। ਉਨ੍ਹਾਂ ਸੁਆਲ ਕੀਤਾ ਕਿ ਚਾਰਜ਼ਸੀਟ ਕਿੱਥੇ ਹੈ? ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਹੀ ਸਰਕਾਰ ’ਤੇ ਤਾਬੜਤੋੜ ਹਮਲੇ ਕੀਤੇ ਗਏ। ਉਨ੍ਹਾਂ ਸਰਕਾਰ ’ਤੇ ਉਂਗਲ ਉਠਾਈ ਕਿ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਮਿਲੀ ਬਲੈਂਕਟ ਬੇਲ ਵਿਰੁੱਧ ਵਿਸ਼ੇਸ਼ ਲੀਵ ਪਟੀਸ਼ਨ ਕਿਉਂ ਨਹੀਂ ਦਾਇਰ ਕੀਤੀ ਗਈ? ਉਨ੍ਹਾਂ ਕਿਹਾ ਕਿ ਸਿਆਸੀ ਇੱਛਾ ਸ਼ਕਤੀ ਦੀ ਵੱਡੀ ਕਮੀ ਹੈ ਅਤੇ ਨਾ ਹੀ ਖ਼ਜ਼ਾਨੇ ਨੂੰ ਭਰਨ ਦਾ ਕੋਈ ਰੋਡ ਮੈਪ ਹੈ। ਉਨ੍ਹਾਂ ਡੀਜੀਪੀ ਅਤੇ ਏਜੀ ’ਤੇ ਹਮਲਾ ਕਰਦਿਆਂ ਕਿਹਾ ਕਿ ਇੱਕ ਨੇ ਕਲੀਨ ਚਿੱਟ ਦਿੱਤੀ ਤੇ ਦੂਜੇ ਨੇ ਬਲੈਂਕਟ ਬੇਲ ਦਿਵਾਈ।
ਸ੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਅਫ਼ਸਰਾਂ ਨੂੰ ਚੁਣ ਲਓ ਜਾਂ ਫਿਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਬੰਦ ਰਿਪੋਰਟ ਨੂੰ ਖੋਲ੍ਹਣ ’ਤੇ ਅਦਾਲਤ ਨੇ ਕੋਈ ਰੋਕ ਨਹੀਂ ਲਾਈ, ਫਿਰ ਕਿਉਂ ਰਿਪੋਰਟ ਜਨਤਕ ਨਹੀਂ ਕੀਤੀ ਜਾ ਰਹੀ। ਉਨ੍ਹਾਂ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਏ ਬਿਨਾਂ ਮੁੜ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਤਾਂ ਆਪਣੇ ਪੁਰਾਣੇ ਸਟੈਂਡ ’ਤੇ ਖੜ੍ਹੇ ਹਨ ਪਰ ਜੋ ਬਦਲੇ ਹਨ, ਉਹ ਆਪਣਾ ਸਟੈਂਡ ਕਲੀਅਰ ਕਰਨ। ਉਨ੍ਹਾਂ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਦੀ ਤਾਰੀਫ਼ ਕੀਤੀ। ਸ੍ਰੀ ਸਿੱਧੂ ਨੇ ਤੇਲ ਸਸਤਾ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਫ਼ੈਸਲਾ ਚੰਗਾ ਹੈ, ਪਰ ਸਵਾਲ ਕੀਤਾ ਕਿ ਕੀ ਸਰਕਾਰ ਅਗਲੇ ਪੰਜ ਸਾਲਾਂ ਤੱਕ ਇਹੋ ਕੀਮਤਾਂ ਬਰਕਰਾਰ ਰੱਖ ਸਕੇਗੀ? ਉਨ੍ਹਾਂ ਮੁੜ ਕਿਹਾ ਕਿ ਲੋਕਾਂ ਦੀ ਕਚਹਿਰੀ ’ਚ ਸਿਰ ਉੱਚਾ ਕਰ ਕੇ ਜਾਣਾ ਹੈ ਤਾਂ ਫ਼ੈਸਲੇ ਲੈਣੇ ਪੈਣਗੇ।
ਸ੍ਰੀ ਸਿੱਧੂ ਨੇ ਇੱਕ ਸੁਆਲ ਦੇ ਜੁਆਬ ’ਚ ਕਿਹਾ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਕਾਂਗਰਸ ਹਾਈਕਮਾਨ ਨੇ ਬਣਾਇਆ ਹੈ ਅਤੇ ਉਨ੍ਹਾਂ ਦੀ ਇਸ ’ਚ ਕੋਈ ਭੂਮਿਕਾ ਨਹੀਂ ਹੈ।
ਵਿਰੋਧੀ ਖ਼ੁਸ਼, ਕਿਸਾਨ ਨਾਖ਼ੁਸ਼
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਕਿਸਾਨ ਵੀ ਨਾਖ਼ੁਸ਼ ਹਨ ਕਿਉਂਕਿ ਕਿਸਾਨੀ ਦੇ ਭਖਦੇ ਮਾਮਲੇ ਉਹ ਨਹੀਂ ਚੁੱਕ ਰਹੇ। ਕਿਸਾਨ ਆਖਦੇ ਹਨ ਕਿ ਪੰਜਾਬ ਵਿੱਚ ਡੀਏਪੀ ਖਾਦ ਦੀ ਵੱਡੀ ਕਿੱਲਤ ਹੈ, ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਤੇ 10 ਕਿਸਾਨ ਖ਼ੁਦਕੁਸ਼ੀ ਚੁੱਕੇ ਹਨ, ਮਾਝੇ ’ਚ ਮੀਂਹ ਨੇ ਫ਼ਸਲਾਂ ਖਰਾਬ ਕਰ ਦਿੱਤੀਆਂ ਹਨ ਪਰ ਸ੍ਰੀ ਸਿੱਧੂ ਨੇ ਇੱਕ ਟਵੀਟ ਵੀ ਨਹੀਂ ਕੀਤਾ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਅਕਾਲੀ ਦਲ ਅਤੇ ‘ਆਪ’ ਖ਼ਿਲਾਫ਼ ਮੂੰਹ ਨਹੀਂ ਖੋਲ੍ਹਿਆ। ਪਿਛਲੇ ਦਿਨਾਂ ਤੋਂ ਕੈਬਨਿਟ ਮੰਤਰੀ ਪਰਗਟ ਸਿੰਘ ਤੋਂ ਬਿਨਾਂ ਕੋਈ ਹੋਰ ਵਿਧਾਇਕ ਅਤੇ ਵਜ਼ੀਰ ਵੀ ਨਵਜੋਤ ਸਿੱਧੂ ਨਾਲ ਖੁੱਲ੍ਹੇਆਮ ਵਿਚਰ ਨਹੀਂ ਰਹੇ ਹਨ।