ਮਜ਼ਦੂਰਾਂ ਦੀ ਲਾਮਬੰਦੀ
ਨਜ਼ਰੀਆ ਪੰਨੇ ਉੱਤੇ ਕਰਮ ਬਰਸਟ ਦਾ ਲੇਖ ‘ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਦਸ਼ਾ ਅਤੇ ਦਿਸ਼ਾ (16 ਸਤੰਬਰ) ਪੜ੍ਹਿਆ। ਇਸ ਮਸਲੇ ਦੇ ਕਈ ਪੱਖ ਹਨ ਪਰ ਜਿਹੜਾ ਵਿਕਾਸ ਮਾਡਲ ਮੁਲਕ ਦੇ ਸ਼ਾਸਕਾਂ ਨੇ ਅਪਣਾ ਲਿਆ ਹੈ, ਉਹ ਆਮ ਨਾਗਰਿਕ ਲਈ ਬਹੁਤ ਤਬਾਹਕੁਨ ਹੈ। ਸਭ ਤੋਂ ਵੱਡੀ ਤਬਾਹੀ ਤਾਂ ਇਹ ਹੈ ਕਿ ਇਨ੍ਹਾਂ ਵਰਗਾਂ ਦੇ ਬਹੁਤੇ ਬੱਚੇ ਵਿੱਦਿਆ ਤੋਂ ਵਾਂਝੇ ਰਹਿ ਰਹੇ ਹਨ। ਵਾਕਈ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਦੀ ਜ਼ਰੂਰਤ ਹੈ।
ਜਸਵੰਤ ਸਿੰਘ, ਜਲੰਧਰ
ਪਾਣੀਆਂ ਦੀ ਵੰਡ
13 ਸਤੰਬਰ ਦੇ ਅੰਕ ਵਿਚ ਪਾਣੀਆਂ ਦੀ ਵੰਡ ਬਾਰੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਪਾਣੀਆਂ ਦੀ ਵੰਡ ਅਤੇ ਐੱਸਵਾਈਐੱਲ ਨਹਿਰ’ ਸਾਂਭਣਯੋਗ ਹੈ। ਲੇਖਕ ਨੇ ਕੌਮੀ ਅਤੇ ਕੌਮਾਂਤਰੀ ਹਵਾਲਿਆਂ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਕਿਸੇ ਅਸੂਲ, ਸਿਧਾਂਤ ਅਤੇ ਕਾਨੂੰਨ ਅਨੁਸਾਰ ਨਹੀਂ ਹੋਈ। ਜੇ ਪਾਣੀਆਂ ਦੀ ਵੰਡ ਨਿਆਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਤਾਂ ਇਹ ਖਿੱਤਾ ਸੰਤਾਪ ਤੋਂ ਬਚ ਸਕਦਾ ਸੀ। ਹੁਣ ਸਾਰੇ ਸਬੰਧਿਤ ਦਾਨਿਸ਼ਵਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਖਿੱਤੇ ਵਿਚ ਸਥਿਰਤਾ ਵਾਸਤੇ ਨਿਰੋਲ ਨਿਆਂਪੂਰਵਕ ਤਰੀਕੇ ਅਨੁਸਾਰ ਪਾਣੀਆਂ ਦੀ ਵੰਡ 1950 ਵਾਲੀ ਸਥਿਤੀ ਨੂੰ ਮੁੱਖ ਰੱਖ ਕੇ ਕਰਨ ਦਾ ਜਿਗਰਾ ਦਿਖਾਉਣ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
ਬੇਗਾਨਗੀ ਵਾਲਾ ਇਜ਼ਹਾਰ
10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਦੇ ਲੇਖ ‘ਐੱਸਵਾਈਐੱਲ ਵਿਵਾਦ : ਅਮਲੀ ਪਹੁੰਚ ਦੀ ਲੋੜ’ ਵਿਚ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਦਾ ਵਰਣਨ ਹੈ। ਪੰਜਾਬ ਨਾਲ ਦਹਾਕਿਆਂ ਤੋਂ ਵਿਤਕਰਾ ਅਤੇ ਬੇਇਨਸਾਫ਼ੀ ਜਾਰੀ ਹੈ। ਇਸ ਪ੍ਰਸੰਗ ਵਿਚ ਸਰਵਉੱਚ ਅਦਾਲਤ ਦੀ ਟਿੱਪਣੀ ਵੀ ਪੰਜਾਬ ਪ੍ਰਤੀ ਬੇਗਾਨਗੀ ਵਾਲਾ ਇਜ਼ਹਾਰ ਹੈ। ਮੰਨਿਆ ਕਿ ਪਾਣੀ ਕੁਦਰਤੀ ਸ੍ਰੋਤ ਹੈ ਤੇ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ, ਫਿਰ ਹੋਰ ਰਾਜਾਂ ਵਿਚ ਜੋ ਕੁਦਰਤੀ ਸ੍ਰੋਤ ਕੋਲਾ, ਮਾਰਬਲ ਆਦਿ ਹੈ, ਉਹ ਵੀ ਪੰਜਾਬ ਨਾਲ ਸਾਂਝੇ ਕਰੋ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਘਰ ਵਾਪਸੀ
10 ਸਤੰਬਰ ਨੂੰ ਮੋਹਨ ਸ਼ਰਮਾ ਦਾ ਮਿਡਲ ‘ਸੰਘਰਸ਼ ਦਾ ਸਫ਼ਾ’ ਪੜ੍ਹ ਕੇ ਉਹ ਵੇਲਾ ਯਾਦ ਆ ਗਿਆ ਜਦੋਂ ਮਾਪਿਆਂ ਦੇ ਲਾਡਲੇ, ਚੰਡੀਗੜ੍ਹੀਏ ਪੁੱਤ ਨੇ ਗਲ਼ ’ਚ ’ਗੂਠਾ ਦੇ ਕੇ ਬਾਹਰ ਜਾਣ ਦੀ ਜ਼ਿਦ ਪੁਗਾਈ ਅਤੇ ਸਿੰਗਾਪੁਰ ਜਾ ਪੁੱਜਾ। ਉਦੋਂ ਬਾਪੂ ਦੀ ਗੱਲ ਵੀ ਚੇਤੇ ਆਈ ਕਿ ‘ਬਾਹਰ ਜਾਵੇਂਗਾ ਤਾਂ ਆਟੇ ਦਾਲ ਦਾ ਭਾਅ ਪਤਾ ਲੱਗੂ’। ਉਵੇਂ ਹੀ ਹੋਇਆ। ਮਾਪਿਆਂ ਦੇ ਸਹਾਰੇ ਬਗੈਰ ਵਿਗੜਿਆ ਮੁੰਡਾ ਚੰਡੀਗੜ੍ਹ ਦਾ ਸਿਆਣਾ ਹੋ ਗਿਆ। ਮਾਤਾ ਜੀ ਨੇ ਬਦਾਮ ਤਾਂ ਬਹੁਤ ਖੁਆਏ ਸਨ ਪਰ ਅਕਲ ਵਿਦੇਸ਼ੀ ਧਰਤੀ ਉੱਤੇ ਧੱਕੇ ਖਾ ਕੇ ਆਈ। ਇਕ ਭੈਣ ਦਾ ਇਕੋ ਭਰਾ ਅਤੇ ਮਾਪਿਆਂ ਦਾ ਇਕਲੌਤਾ ਮੁੰਡਾ ਹੋਣ ਦੀ ਅਕਲ ਆਈ ਤਾਂ ਦੇਖਿਆ ਕਿ ਅਸਲ ਧਨ ਤਾਂ ਪਿੱਛੇ ਰਹਿ ਗਿਆ। ਪੈਸੇ ਕਮਾਉਣ ਅਤੇ ਜ਼ਿੰਦਗੀ ਬਣਾਉਣ ਨਿਕਲੇ ਨੂੰ ਵਿਛੋੜੇ ਮਗਰੋਂ ਪਰਿਵਾਰ ਦੀ ਸਮਝ ਆਈ। ਇਸ ਲੇਖ ਨੇ ਬੜਾ ਕੁਝ ਕੁਰੇਦ ਛੱਡਿਆ।
ਜਸਮੀਤ ਸਿੰਘ, ਈਮੇਲ
ਜਸਦੇਵ ਸਿੰਘ ਦੀ ਕੁਮੈਂਟਰੀ
10 ਸਤੰਬਰ ਦੇ ਸਤਰੰਗ ਸਫ਼ੇ ਉੱਤੇ ‘ਪੰਜਾਬੀ ਖੇਡ ਸਾਹਿਤ’ ਕਾਲਮ ਤਹਿਤ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ‘ਕੁਮੈਂਟਰੀ ਦਾ ਕੋਹਿਨੂਰ ਜਸਦੇਵ ਸਿੰਘ’ ਪੜ੍ਹਿਆ। ਸੱਚਮੁੱਚ ਜਸਦੇਵ ਸਿੰਘ ਆਪਣੀ ਕੁਮੈਂਟਰੀ ਰਾਹੀਂ ਸਰੋਤਿਆਂ ਨੂੰ ਖੇਡ ਮੈਦਾਨ ਤਕ ਲੈ ਜਾਂਦਾ ਸੀ। ਇਹ ਉਸ ਦੀ ਅਦਭੁੱਤ ਕਲਾ ਦਾ ਕਮਾਲ ਸੀ।
ਬਲਬੀਰ ਸਿੰਘ ਰੰਗੀ, ਹੁਸ਼ਿਆਰਪੁਰ
ਭਲੇ ਵੇਲਿਆਂ ਦੀਆਂ ਗੱਲਾਂ
3 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਅਮਰੀਕ ਸਿੰਘ ਦਿਆਲ ਦੀ ਰਚਨਾ ‘ਕੌਰ ਸਪੀਕਰ ਵਾਲਾ’ ਪੜ੍ਹ ਕੇ ਭਲੇ ਵੇਲਿਆਂ ਦੀ ਯਾਦ ਤਾਜ਼ਾ ਹੋ ਗਈ। ਉਦੋਂ ਲੋਕ ਬਿਨਾ ਕਿਸੇ ਸਵਾਰਥ ਤੋਂ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ। ਵਿਆਹ, ਮੇਲੇ, ਤਿਉਹਾਰਾਂ ਦੀਆਂ ਉਡੀਕਾਂ ਤੇ ਇੰਤਜ਼ਾਰ ਕੀਤਾ ਜਾਂਦਾ ਸੀ। ਇਹ ਹੁਣ ਬੀਤੇ ਦੀਆਂ ਬਾਤਾਂ ਰਹਿ ਗਈਆਂ ਹਨ। ਸਪੀਕਰ ਅੱਜ ਵੀ ਵੱਜਦੇ ਹਨ ਪਰ ਇਹ ਛੱਪੜਾਂ ਤੇ ਪਿੱਪਲਾਂ, ਬੋਹੜਾਂ ਥੱਲੇ ਨਹੀਂ ਸੁਣੇ ਜਾ ਸਕਦੇ, ਗੱਡੀਆਂ ਜਾਂ ਕਲੱਬਾਂ ਵਿਚ ਹੀ ਸੁਣਦੇ ਹਨ।
ਇੰਦਰਜੀਤ ਜਵੰਦਾ, ਈਮੇਲ
ਆਨਲਾਈਨ ਪੜ੍ਹਾਈ ਦੇ ਬਹਾਨੇ
16 ਸਤੰਬਰ ਦਾ ਸੰਪਾਦਕੀ ‘ਆਨਲਾਈਨ ਵਿੱਦਿਅਕ ਮਾਡਲ’ ਪੜ੍ਹਿਆ। ਕੋਵਿਡ-19 ਮਹਾਮਾਰੀ ਕਰਕੇ ਆਨਲਾਈਨ ਸਿੱਖਿਆ ਨੂੰ ਤਰਜੀਹ ਦਿੱਤੀ ਗਈ ਜਿਸ ਦਾ ਸਿਖਿਆਰਥੀ ਅਤੇ ਮਾਪਿਆਂ ਨੂੰ ਤਾਂ ਘੱਟ ਫਾਇਦਾ ਹੋਇਆ ਪਰ ਪ੍ਰਾਈਵੇਟ ਕੰਪਨੀਆਂ ਨੂੰ ਜ਼ਿਆਦਾ ਹੋਇਆ। ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ ਕਾਲਜਾਂ ਵਿਚ ਰਸਮੀ ਸਿੱਖਿਆ ਬਹੁਤ ਜ਼ਰੂਰੀ ਹੈ। ਵਿਦਿਅਕ ਅਦਾਰਿਆਂ ਵਿਚ ਅਧਿਆਪਕ ਦੀ ਦੇਖ-ਰੇਖ ਵਿਚ ਰਹਿ ਕੇ ਸਿਖਿਆਰਥੀ ਅਨੁਸ਼ਾਸਨ, ਕਿਤਾਬਾਂ ਦੀ ਮਹੱਤਤਾ, ਅਧਿਆਪਕ ਮੋਹ ਗ੍ਰਹਿਣ ਕਰਦਾ ਹੈ। ਉਹ ਉਸ ਸਮੇਂ ਦੌਰਾਨ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿੰਦਾ ਹੈ। ਆਨਲਾਈਨ ਪੜ੍ਹਾਈ ਦੇ ਬਹਾਨੇ ਕਿਤੇ ਸਾਨੂੰ ਕਿਤਾਬਾਂ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ? ਦੋ ਸਾਲਾਂ ਦੌਰਾਨ ਸਿਖਿਆਰਥੀ ਕਿਤਾਬਾਂ ਤੋਂ ਦੂਰ ਹੋ ਗਏ ਹਨ ਅਤੇ ਮੋਬਾਈਲਾਂ ਨਾਲ ਇੰਨੇ ਜ਼ਿਆਦਾ ਜੁੜ ਗਏ ਹਨ ਕਿ ਹੁਣ ਵਿੱਦਿਅਕ ਸੰਸਥਾਵਾਂ ਆਫਲਾਈਨ ਹੋਣ ਦੇ ਬਾਵਜੂਦ ਮੋਬਾਈਲਾਂ ਦਾ ਖਹਿੜਾ ਨਹੀਂ ਛੱਡ ਰਹੀਆਂ।
ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)